ਖੜਗੇ ਵੱਲੋਂ ਕਾਂਗਰਸੀ ਵਰਕਰਾਂ ਨੂੰ ਲੋਕਾਂ ਨਾਲ ਸੰਪਰਕ ਵਧਾਉਣ ਦਾ ਸੱਦਾ
ਨਵੀਂ ਦਿੱਲੀ, 10 ਜਨਵਰੀ
ਕਾਂਗਰਸ ਦੇ ਨੌਜਵਾਨ ਵਰਕਰਾਂ ਨੂੰ ਲੋਕਾਂ ਨਾਲ ਆਪਣਾ ਸੰਪਰਕ ਵਧਾਉਣ ਦਾ ਸੱਦਾ ਦਿੰਦਿਆਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਬਰਕਰਾਰ ਰੱਖਦਿਆਂ ਪਾਰਟੀ ਦੀ ਵਿਚਾਰਧਾਰਾ ਅਤੇ ਏਜੰਡੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਅਤੇ ਭਾਜਪਾ ਦੇ ‘ਝੂਠ’ ਦਾ ਪਰਦਾਫਾਸ਼ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਰਟੀ ਦੇ ਮੋਹਰੀ ਸੈੱਲਾਂ ਦੇ ਮੁਖੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੜਗੇ ਨੇ ਕਿਹਾ ਕਿ ਅਜਿਹੀ ਕੋਈ ਟਿੱਪਣੀ ਨਾ ਕੀਤੀ ਜਾਵੇ ਜਿਸ ਨਾਲ ਮਾਹੌਲ ਖਰਾਬ ਹੋਵੇ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਜੁੜੀ ਜਥੇਬੰਦੀ ਆਰਐੱਸਐੱਸ ਲੋਕਾਂ ਨੂੰ ਵੰਡਣ ਦਾ ਕੰਮ ਕਰਦੀ ਹੈ। ਖੜਗੇ ਨੇ ਕਿਹਾ, ‘‘ਸਾਨੂੰ ਆਪਣੀ ਵਿਚਾਰਧਾਰਾ ਨੂੰ ਸਭ ਤੋਂ ਅੱਗੇ ਰੱਖ ਕੇ ਜਨਤਕ ਮੁੱਦਿਆਂ ’ਤੇ ਲੜਨ ਦੀ ਲੋੜ ਹੈ। ਅਸੀਂ ਲੜਾਂਗੇ ਅਤੇੇ ਜਿੱਤਾਂਗੇ।’’ ਉਨ੍ਹਾਂ ਕਿਹਾ, ‘‘ਕਾਂਗਰਸ ਦੀ ਲੜਾਈ ਭਾਜਪਾ ਅਤੇ ਆਰਐੱਸਐੱਸ ਦੀ ਮਾਨਸਿਕਤਾ ਖ਼ਿਲਾਫ਼ ਹੈ। ਜੇ ਸਾਡੀ ਹਰ ਇਕਾਈ ਮਜ਼ਬੂਤੀ ਨਾਲ ਖੜ੍ਹੀ ਹੁੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਸਕਦੇ ਹਾਂ। ਸੋਨੀਆ ਗਾਂਧੀ ਦੀ ਅਗਵਾਈ ਹੇਠ ਅਸੀਂ ਰਲ ਕੇ ਉਨ੍ਹਾਂ ਨੂੰ 2004 ਤੇ 2009 ਵਿੱਚ ਲਗਾਤਾਰ ਦੋ ਵਾਰ ਹਰਾਇਆ।’’
ਕਾਂਗਰਸ ਪ੍ਰਧਾਨ ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਨਿਆਏ ਯਾਤਰਾ ਨੂੰ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਮਾਰਚ ਦੱਸਿਆ। ਖੜਗੇ ਨੇ ਕਿਹਾ ਕਿ ਪਹਿਲਾਂ ਦੀ ਭਾਰਤ ਜੋੜੋ ਯਾਤਰਾ ਵਿੱਚ ਵੀ ਵੱਡੀ ਸਫਲਤਾ ਮਿਲੀ ਸੀ ਪਰ ਫਿਰ ਵੀ ਭਾਰਤ ਜੋੜੋ ਨਿਆਏ ਯਾਤਰਾ ਕਰਨੀ ਪਈ ਕਿਉਂਕਿ ਮੋਦੀ ਸਰਕਾਰ ਨੇ ਸੰਸਦ ਵਰਗੇ ਕੌਮੀ ਪਲੇਟਫਾਰਮ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਦੇਸ਼ ਦੇ ਬੁਨਿਆਦੀ ਮੁੱਦਿਆਂ ’ਤੇ ਸੰਸਦ ਵਿੱਚ ਚਰਚਾ ਬੰਦ ਹੈ। ਮਨੀਪੁਰ ਤੋਂ ਲੈ ਕੇ ਸੰਸਦ ਦੀ ਸੁਰੱਖਿਆ, ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਸਾਰੇ ਮੁੱਦਿਆਂ ’ਤੇ ਚਰਚਾ ਦੀ ਇਜਾਜ਼ਤ ਨਹੀਂ ਦਿੱਤੀ ਗਈ। -ਪੀਟੀਆਈ
ਖੜਗੇ ‘ਇੰਡੀਆ’ ਗੱਠਜੋੜ ਦੇ ਆਗੂਆਂ ਦੇ ਸੰਪਰਕ ’ਚ
ਨਵੀਂ ਦਿੱਲੀ: ਵੱਖ ਵੱਖ ਵਿਰੋਧੀ ਧਿਰਾਂ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਨ ਮਗਰੋਂ ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਦੇ ਆਗੂਆਂ ਦੇ ਸੰਪਰਕ ’ਚ ਹਨ ਤਾਂ ਜੋ ਵਿਰੋਧੀ ਧਿਰਾਂ ਦੇ ਗੱਠਜੋੜ ’ਚ ਤਾਲਮੇਲ ਯਕੀਨੀ ਬਣਾਇਆ ਜਾ ਸਕੇ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਹ ਚਰਚਾ ਚੱਲ ਰਹੀ ਹੇ ਕਿ ‘ਇੰਡੀਆ’ ਗੱਠਜੋੜ ਦਾ ਕਨਵੀਨਰ ਬਣਾਇਆ ਜਾ ਸਕਦਾ ਹੈ। ਕਨਵੀਨਰ ਦੇ ਅਹੁਦੇ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਨਾਮ ਅੱਗੇ ਚੱਲ ਰਿਹਾ ਹੈ। ਅਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਟਾਕਰੇ ਲਈ 28 ਪਾਰਟੀਆਂ ਇਕੱਠੀਆਂ ਹੋਈਆਂ ਹਨ ਅਤੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਗੱਠਜੋੜ ਦਾ ਇਕ ਦਫ਼ਤਰ ਅਤੇ ਤਰਜਮਾਨ ਵੀ ਹੋਵੇ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ,‘‘ਖੜਗੇ ਗੱਠਜੋੜ ’ਚ ਤਾਲਮੇਲ ਕਾਇਮ ਰੱਖਣ ਲਈ ‘ਇੰਡੀਆ’ ਨਾਲ ਜੁੜੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਸੰਪਰਕ ’ਚ ਹਨ। ਕਾਂਗਰਸ ਪ੍ਰਧਾਨ ਨੇ ਨਿਤੀਸ਼ ਕੁਮਾਰ ਸਮੇਤ ਸਾਰੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਅਤੇ ਗੱਠਜੋੜ ਅੰਦਰਲੇ ਅਹਿਮ ਮੁੱਦਿਆਂ ਬਾਰੇ ਫ਼ੈਸਲਾ ਛੇਤੀ ਲਿਆ ਜਾਵੇਗਾ।’’ ਜੈਰਾਮ ਰਮੇਸ਼ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਹੈ ਅਤੇ ਕੁਝ ਨਾਲ ਗੱਲਬਾਤ ਅਜੇ ਮੁੱਢਲੇ ਪੜਾਅ ’ਤੇ ਹੀ ਹੋਈ ਹੈ। ‘ਪੱਛਮੀ ਬੰਗਾਲ ’ਚ ਟੀਐੱਮਸੀ ਅਤੇ ਬਿਹਾਰ ’ਚ ਜੇਡੀਯੂ ਨਾਲ ਸੀਟਾਂ ਦੀ ਵੰਡ ਬਾਰੇ ਇਕ-ਦੋ ਦਿਨਾਂ ’ਚ ਗੱਲਬਾਤ ਹੋਣ ਦੀ ਸੰਭਾਵਨਾ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਆਗੂਆਂ ’ਚ ਸਪੱਸ਼ਟਤਾ ਹੈ। ’ -ਪੀਟੀਆਈ
‘ਇੰਡੀਆ’ ਦੀ ਮਜ਼ਬੂਤੀ ਲਈ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ
ਨਵੀਂ ਦਿੱਲੀ: ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਮਜ਼ਬੂਤੀ ਲਈ 850 ਨਾਗਰਿਕਾਂ ਦਾ ਇੱਕ ਗਰੁੱਪ ਸਾਹਮਣੇ ਆਇਆ ਹੈ ਜਿਸ ਨੇ ਭਾਰਤ ਨੂੰ ਬਚਾਉਣ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰਿਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਗਰੁੱਪ ਨੇ ਸਾਰੀਆਂ ਅਗਾਂਹਵਧੂ ਅਤੇ ਧਰਮ ਨਿਰਪੱਖ ਸਿਆਸੀ ਪਾਰਟੀਆਂ ਨੂੰ ‘ਇੰਡੀਆ’ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਕੁਝ ਪਾਰਟੀਆਂ ਹਾਲੇ ਵੀ ਇਸ ਵਿੱਚ ਸ਼ਾਮਲ ਨਾ ਹੋਈਆਂ ਤਾਂ ਉਹ ਜ਼ਰੂਰ ਸ਼ਾਮਲ ਹੋ ਜਾਣ। ਉਨ੍ਹਾਂ ਕਿਹਾ ਕਿ ਸੌੜੀ ਸਿਆਸਤ ਤੋਂ ਉਪਰ ਉੱਠ ਕੇ ਭਾਰਤ ਨੂੰ ਬਚਾਉਣ ਲਈ ਸਾਰਿਆਂ ਨੂੰ ਰਲ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਗਰੁੱਪ ਵਿੱਚ ਸ਼ਬਨਮ ਹਾਸ਼ਮੀ, ਜ਼ੋਇਆ ਹਸਨ, ਨਿਵੇਦਿਤਾ ਮੈਨਨ ਅਤੇ ਹਰਸ਼ ਮੰਦਰ ਵਰਗੀਆਂ ਉੱਘੀਆਂ ਹਸਤੀਆਂ ਸਮੇਤ 850 ਨਾਗਰਿਕ ਸ਼ਾਮਲ ਹਨ। ਗੱਠਜੋੜ ਬਣਾਉਣ ਦਾ ਸੁਆਗਤ ਕਰਦਿਆਂ ਉਨ੍ਹਾਂ ਕਿਹਾ, ‘‘ਹਾਲਾਂਕਿ ਹਰ ਨਾਗਰਿਕ ਪੁੱਛ ਰਿਹਾ ਹੈ ਕਿ ਕੀ ਇਹ ਜ਼ਮੀਨੀ ਪੱਧਰ ’ਤੇ ਕੰਮ ਕਰੇਗਾ? ਹਰ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਭਰੋਸਾ ਦੇਣਾ ਪਵੇਗਾ ਕਿ ਉਹ ਚੁਣੌਤੀ ਦਾ ਸਾਹਮਣਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਦੇਸ਼ ਨੂੰ ਬਚਾਉਣ ਵਿੱਚ ਸੀਟਾਂ ਦੀ ਵੰਡ ਅੜਿੱਕਾ ਨਹੀਂ ਬਣੇਗੀ।’’ ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ‘ਇੰਡੀਆ’ ਗੱਠਜੋੜ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਖਾਸ ਕਰਕੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ। ਕਿਸਾਨ ਅੰਦੋਲਨ ਮਗਰੋਂ ਕਾਫੀ ਸਮਰਥਨ ਦੇ ਬਾਵਜੂਦ ਅਸੀਂ 2022 ਵਿੱਚ ਹਾਰ ਗਏ ਸੀ।’’ -ਪੀਟੀਆਈ