ਰਾਮ ਮੰਦਰ ਦੇ ਉਦਘਾਟਨ ਸਮਾਗਮ ’ਚ ਸ਼ਾਮਲ ਨਹੀਂ ਹੋਣਗੇ ਖੜਗੇ, ਸੋਨੀਆ ਅਤੇ ਅਧੀਰ
ਨਵੀਂ ਦਿੱਲੀ, 10 ਜਨਵਰੀ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਉਹ ਅਯੁੱਧਿਆ ’ਚ ਰਾਮ ਮੰਦਰ ਉਦਘਾਟਨ ਸਮਾਗਮ ’ਚ ਸ਼ਿਰਕਤ ਨਹੀਂ ਕਰਨਗੇ। ਕਾਂਗਰਸੀ ਆਗੂਆਂ ਨੇ ਇਸ ਸਮਾਗਮ ਨੂੰ ਚੋਣਾਂ ’ਚ ਲਾਹਾ ਲੈੈਣ ਲਈ ਭਾਜਪਾ ਅਤੇ ਆਰਐੱਸਐੱਸ ਦਾ ‘ਸਿਆਸੀ ਪ੍ਰਾਜੈਕਟ’ ਗਰਦਾਨਿਆ।
ਕਾਂਗਰਸ ਹਾਈ ਕਮਾਨ ਦੇ ਫੈਸਲੇ ਤੋਂ ਜਾਣੂ ਕਰਵਾਉਂਦਿਆਂ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਨਿਰਮਾਣ ਅਧੀਨ (ਅਧੂਰੇ) ਮੰਦਰ ਦਾ ਉਦਘਾਟਨ ਸਮਾਗਮ ਕਰਵਾ ਕੇ ਭਾਜਪਾ ਅਤੇ ਆਰਐੱਸਐੱਸ ਅਗਾਮੀ ਚੋਣਾਂ ’ਚ ਸਿਆਸੀ ਤੌਰ ’ਤੇ ਲਾਹਾ ਲੈਣਾ ਚਾਹੁੰਦੀਆਂ ਹਨ। ਅਜੇ ਪਿਛਲੇ ਮਹੀਨੇ ਹੀ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਕਾਂਗਰਸ ਪਾਰਲੀਮਾਨੀ ਮਾਮਲਿਆਂ ਬਾਰੇ ਪਾਰਟੀ ਦੀ ਚੇਅਰਪਰਸਨ ਅਤੇ ਲੋਕ ਸਭਾ ’ਚ ਕਾਂਗਰਸ ਨੇਤਾ ਸੋਨੀਆ ਗਾਂਧੀ ਨੂੰ 22 ਜਨਵਰੀ 2024 ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਸਮਾਗਮ ਲਈ ਸੱਦਾ ਪੱਤਰ ਮਿਲਿਆ ਸੀ। ਜੈਰਾਮ ਰਮੇਸ਼ ਨੇ ਬਿਆਨ ’ਚ ਕਿਹਾ ਕਿ ਸਾਡੇ ਦੇਸ਼ ’ਚ ਕਰੋੜਾਂ ਲੋਕ ਭਗਵਾਨ ਰਾਮ ਦੀ ਪੂਜਾ ਕਰਦੇ ਹਨ। ਧਰਮ ਇਕ ਵਿਅਕਤੀਗਤ ਮਾਮਲਾ ਹੈ ਪਰ ਆਰਐੱਸਐੱਸ ਅਤੇ ਭਾਜਪਾ ਨੇ ਅਯੁੱਧਿਆ ’ਚ ਰਾਮ ਮੰਦਰ ਨੂੰ ਸਿਆਸੀ ਪ੍ਰਾਜੈਕਟ ਬਣਾ ਦਿੱਤਾ ਹੈ। ਨਿਰਮਾਣ ਅਧੀਨ (ਅਧੁੂਰੇ) ਮੰਦਰ ਦਾ ਉਦਘਾਟਨ ਭਾਜਪਾ ਅਤੇ ਆਰਐੱਸਐੱਸ ਵੱਲੋਂ ਅਗਾਮੀ ਚੋਣਾਂ ’ਚ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2019 ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਉਹ ਸਨਮਾਨ ਕਰਦੇ ਹਨ ਅਤੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਭਗਵਾਨ ਰਾਮ ਨਾਲ ਜੁੜੀਆਂ ਹੋਈਆਂ ਹਨ ਪਰ ਪਾਰਟੀ ਹਾਈ ਕਮਾਨ ਸਨਮਾਨਜਨਕ ਢੰਗ ਨਾਲ ਭਾਜਪਾ ਅਤੇ ਆਰਐੱਸਐੱਸ ਦੇ ਸੱਦਾ ਪੱਤਰ ਨੂੰ ਖਾਰਜ ਕਰਦੀ ਹੈ। ਜਾਣਕਾਰੀ ਅਨੁਸਾਰ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਸਣੇ 6 ਹਜ਼ਾਰ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਮੰਦਰ ਟਰੱਸਟ ਵੱਲੋਂ ਦੇਸ਼ ਭਰ ’ਚੋਂ 4 ਹਜ਼ਾਰ ਸਾਧੂਆਂ ਅਤੇ ਵਿਦੇਸ਼ ਤੋਂ 50 ਦੇ ਕਰੀਬ ਮਹਿਮਾਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਭਾਜਪਾ ਵੱਲੋਂ ਆਪਣੇ ਸੂਬਾਈ ਪੱਧਰ ਦੇ ਯੂਨਿਟਾਂ ਨੂੰ ਕਿਹਾ ਗਿਆ ਹੈ 14 ਜਨਵਰੀ ਤੋਂ ਦੇਸ਼ ਦੇ ਸਾਰੇ ਸੂਬਿਆਂ ਦੇ ਮੰਦਰਾਂ ਅਤੇ ਮੰਦਰਾਂ ਦੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ ਜਾਵੇ ਅਤੇ ਲੋਕ 22 ਫਰਵਰੀ ਨੂੰ ਰਾਮ ਮੰਦਰ ’ਚ ਕੀਤੀ ਜਾਣ ਵਾਲੀ ਪ੍ਰਾਰਥਨਾ ਨਾਲ ਜੁੜਨ। ਸੂਬਾਈ ਪੱਧਰ ’ਤੇ ਵਾਲੰਟੀਅਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਰਾਮ ਮੰਦਰ ਦੇ ਉਦਘਾਟਨ ਸਮਾਗਮ ’ਚ ਸ਼ਿਰਕਤ ਕਰਨਾ ਚਾਹੁੰਦਾ ਹੈ ਉਸ ਦੀ ਹਰ ਪੱਖੋਂ ਮਦਦ ਕੀਤੀ ਜਾਵੇ। -ਪੀਟੀਆਈ