Kharge slams PM Modi: ਪਹਿਲਗਾਮ ਹਮਲੇ ਬਾਰੇ ਆਲ-ਪਾਰਟੀ ਮੀਟਿੰਗ ’ਚੋਂ ਮੋਦੀ ਦੀ ਗ਼ੈਰਹਾਜ਼ਰੀ ਨੂੰ ਖੜਗੇ ਨੇ ‘ਸ਼ਰਮਨਾਕ’ ਦੱਸਿਆ
ਵਿਰੋਧੀ ਪਾਰਟੀ ਦਾ Pahalgam Terror Attack ਤੋਂ ਬਾਅਦ ਸਰਕਾਰ ਉਤੇ ਪਹਿਲਾ ਹਮਲਾ; ਕਾਂਗਰਸ ਪ੍ਰਧਾਨ ਨੇ ਭਾਜਪਾ 'ਤੇ ਲਾਏ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦੇ ਦੋਸ਼
ਜੈਪੁਰ, 28 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Congress president Mallikarjun Kharge) ਨੇ ਸੋਮਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਬਾਰੇ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਰ੍ਹਦਿਆਂ ਭਾਜਪਾ 'ਤੇ ਦੇਸ਼ ਵਿੱਚ ਫੁੱਟ ਪਾਉਣ ਦੇ ਦੋਸ਼ ਲਗਾਏ ਹਨ। ਖੜਗੇ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ, ਹਰ ਕੋਈ ਇਕੱਠਿਆਂ ਲੜਨਾ ਚਾਹੁੰਦਾ ਹੈ, "ਪਰ ਭਾਜਪਾ ਜ਼ਹਿਰ ਫੈਲਾਉਣਾ ਅਤੇ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ"।
ਉਨ੍ਹਾਂ ਕਿਹਾ, "ਇਹ ਦੇਸ਼ ਦੀ ਬਦਕਿਸਮਤੀ ਹੈ.... ਸਾਰੀਆਂ ਪਾਰਟੀਆਂ ਦੇ ਨੇਤਾ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਏ, ਪਰ ਸ਼ਰਮ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਹੀਂ ਆਏ... ਦੇਸ਼ ਦੇ ਮਾਣ ਨੂੰ ਠੇਸ ਪਹੁੰਚੀ, ਤੁਸੀਂ (ਪ੍ਰਧਾਨ ਮੰਤਰੀ ਮੋਦੀ) ਬਿਹਾਰ ਵਿੱਚ ਚੋਣ ਭਾਸ਼ਣ ਦੇ ਰਹੇ ਸੀ।"
ਖੜਗੇ ਨੇ ਇਹ ਗੱਲ ਇਥੇ ਪਾਰਟੀ ਵੱਲੋਂ ਕਰਵਾਈ ਗਈ 'ਸੰਵਿਧਾਨ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਗਾਮ ਹਮਲੇ ਦੇ ਜਵਾਬ ਵਜੋਂ ਸਰਕਾਰ ਦੇ ਕਦਮਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਦੇਸ਼ ਸਰਵਉੱਚ ਹੈ। ਉਨ੍ਹਾਂ ਕਿਹਾ, "ਦੇਸ਼ ਸਰਵਉੱਚ ਹੈ, ਫਿਰ ਪਾਰਟੀਆਂ ਅਤੇ ਧਰਮ ਆਉਂਦੇ ਹਨ। ਸਾਰਿਆਂ ਨੂੰ ਦੇਸ਼ ਲਈ ਇੱਕਜੁੱਟ ਹੋਣਾ ਚਾਹੀਦਾ ਹੈ।"
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਲੱਖਾਂ ਲੋਕਾਂ ਨੇ ਆਪਣਾ ਖੂਨ ਵਹਾਇਆ ਅਤੇ ਇਸ ਉਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ, "ਕੀ ਬਿਹਾਰ ਬਹੁਤ ਦੂਰ ਸੀ? ਪ੍ਰਧਾਨ ਮੰਤਰੀ ਨੂੰ ਸਰਬ-ਪਾਰਟੀ ਮੀਟਿੰਗ ਵਿੱਚ ਆ ਕੇ ਸਰਕਾਰ ਦੀ ਯੋਜਨਾ ਬਾਰੇ ਦੱਸਣਾ ਚਾਹੀਦਾ ਸੀ। ਇਹ ਵੀ ਕਿ ਉਨ੍ਹਾਂ ਨੂੰ ਸਾਡੇ ਤੋਂ ਕੀ ਮਦਦ ਚਾਹੀਦੀ ਹੈ?"
ਉਨ੍ਹਾਂ ਕਿਹਾ, "ਇਹ ਭਾਜਪਾ ਅਤੇ ਪ੍ਰਧਾਨ ਮੰਤਰੀ ਦਾ ਰਵੱਈਆ ਹੈ। ਸਾਡੇ ਵੱਲੋਂ, ਰਾਹੁਲ ਗਾਂਧੀ ਸ੍ਰੀਨਗਰ ਗਏ, ਜ਼ਖਮੀਆਂ ਨੂੰ ਮਿਲੇ, ਅਤੇ ਲੋਕਾਂ ਨਾਲ ਗੱਲ ਕੀਤੀ... ਮੋਦੀ ਆਲ-ਪਾਰਟੀ ਮੀਟਿੰਗ ਵਿੱਚ ਨਹੀਂ ਆਏ, ਪਰ ਗੱਲਾਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ - 56 ਇੰਚ ਸੀਨੇ ਦੀਆਂ, ਹਮਲਾਵਰਾਂ ਦੇ ਘਰ ਜਾ ਕੇ ਮਾਰਨ ਦੀਆਂ।’’
ਕਾਂਗਰਸ ਪ੍ਰਧਾਨ ਨੇ ਕਿਹਾਕਿ ਦੇਸ਼ ਅਤੇ ਸੰਵਿਧਾਨ ਦੀ ਰੱਖਿਆ ਕਰਨੀ ਪਵੇਗੀ। ਇਹ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਸੰਵਿਧਾਨ ਸਦਕਾ ਹੈ ਕਿ ਇਕ "ਚਾਹ ਵੇਚਣ ਵਾਲਾ ਆਮ ਆਦਮੀ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਅਤੇ ਮੇਰੇ ਵਰਗਾ ਮਿੱਲ ਮਜ਼ਦੂਰ ਦਾ ਪੁੱਤਰ ਵਿਰੋਧੀ ਧਿਰ ਦਾ ਨੇਤਾ ਅਤੇ ਕਾਂਗਰਸ ਪ੍ਰਧਾਨ ਬਣ ਸਕਦਾ ਹੈ।" -ਪੀਟੀਆਈ