ਖੜਗੇ ਨੇ ਸ਼ਾਹ ਦੇ ਖ਼ਿਲਾਫ਼ ਮਰਿਆਦਾ ਮਤੇ ਦਾ ਨੋਟਿਸ ਦਿੱਤਾ
ਆਦਿਤੀ ਟੰਡਨ
ਨਵੀਂ ਦਿੱਲੀ, 19 ਦਸੰਬਰ
ਜਿੱਥੇ ਸੱਤਾਧਾਰੀ ਭਾਜਪਾ ਵੱਲੋਂ ਡਾ. ਬੀਆਰ ਅੰਬੇਡਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟਿੱਪਣੀ ਦੇ ਚੋਣਵੇਂ ਸੰਪਾਦਨ ਲਈ ਕਾਂਗਰਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਕਾਰਜੁਨ ਖੜਗੇ ਨੇ ਸ਼ਾਹ ਵਿਰੁੱਧ ਉਪਰਲੇ ਸਦਨ ਵਿਚ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ। ਰਾਜ ਸਭਾ ਵਿੱਚ ਸ਼ਾਹ ਦੇ 17 ਦਸੰਬਰ ਦੇ ਭਾਸ਼ਣ ਅਤੇ ਬਾਬਾ ਸਾਹਿਬ ਅੰਬੇਡਕਰ ਬਾਰੇ ਉਨ੍ਹਾਂ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ, ਖੜਗੇ ਨੇ ਕਿਹਾ ਕਿ ਸ਼ਾਹ ਦੇ ਬਿਆਨ ਅਪਮਾਨਜਨਕ ਸਨ ਅਤੇ ਇਹ ਮਰਿਆਦਾ ਦੀ ਉਲੰਘਣਾ ਦੇ ਬਰਾਬਰ ਸਨ।
ਇਹ ਨੋਟਿਸ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੂੰ ਭੇਜਿਆ ਗਿਆ ਹੈ।
ਸੰਸਦ ਦੇ ਅੰਦਰ ਇਸ ਕਾਰਵਾਈ ਦੇ ਸਮਾਨਾਂਤਰ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮ ਸੈੱਲ ਦੀ ਚੇਅਰਪਰਸਨ ਸੁਪ੍ਰਿਆ ਸ਼੍ਰੀਨੇਤ ਨੂੰ ਇਹ ਦਾਅਵਾ ਕਰਨ ਲਈ ਮੈਦਾਨ ਵਿੱਚ ਉਤਾਰਿਆ ਕਿ ਪਾਰਟੀ ਦੇ ਕਈ ਨੇਤਾਵਾਂ, ਸੰਸਦ ਮੈਂਬਰਾਂ, ਕਾਂਗਰਸ ਦੇ ਅਹੁਦੇਦਾਰਾਂ ਦੇ ਐਕਸ ਹੈਂਡਲਾਂ ਸਮੇਤ ਉਨ੍ਹਾਂ ਨੂੰ 'ਐਕਸ' ਤੋਂ ਇੱਕ ਈਮੇਲ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਭਾਰਤ ਨੇ ਸ਼ਾਹ ਦੇ ਭਾਸ਼ਣ ਨੂੰ ਡਿਲੀਟ ਕਰਨ ਲਈ ਕਿਹਾ ਹੈ।
ਇਹ ਪਤਾ ਲੱਗਾ ਹੈ ਕਿ ‘ਐਕਸ’ ਨੂੰ ਅਧਿਕਾਰਤ ਏਜੰਸੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਕਾਂਗਰਸੀ ਆਗੂਆਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੰਪਾਦਿਤ ਕਲਿੱਪਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ।
ਸ਼੍ਰੀਨੇਤ ਨੇ ਕਿਹਾ ਕਿ ‘ਐਕਸ’ ਨੇ ਬੋਲਣ ਦੀ ਆਜ਼ਾਦੀ ਦੀ ਭਾਵਨਾ ਵਿੱਚ ਟਵੀਟ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਸ਼ਾਹ ਨੂੰ ਸਵਾਲ ਕੀਤਾ, ‘‘ਜੇ ਉਹ ਸੋਚਦੇ ਹਨ ਕਿ ਕਿ ਉਨ੍ਹਾਂ ਭਾਸ਼ਣ ਵਿੱਚ ਕੁਝ ਗਲਤ ਨਹੀਂ ਹੈ, ਤਾਂ ਮੰਤਰਾਲੇ ਨੇ 'ਐਕਸ' ਨੂੰ ਇਸ ਨੂੰ ਹਟਾਉਣ ਲਈ ਕਿਉਂ ਕਿਹਾ ਹੈ।’’
ਉਨ੍ਹਾਂ ਕਿਹਾ, “ਇਹ ਮੂਲ ਭਾਸ਼ਣ ਸੀ ਅਤੇ ਇਸ ਨੂੰ ਸੰਪਾਦਿਤ ਜਾਂ ਵਿਗਾੜਿਆ ਨਹੀਂ ਗਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਰਾਜ ਸਭਾ ਦੀ ਵੈਬਸਾਈਟ ’ਤੇ ਉਪਲਬਧ ਆਪਣੇ ਭਾਸ਼ਣ ਦਾ 34 ਪੰਨਿਆਂ ਦਾ ਸੰਪਾਦਿਤ ਟੈਕਸਟ ਵੀ ਦਿਖਾਇਆ, ਜਿਸ ਵਿੱਚ ਉਹ ਸਪੱਸ਼ਟ ਤੌਰ ’ਤੇ ਕਹਿੰਦੇ ਹਨ, "ਡਾ ਅੰਬੇਡਕਰ ਦਾ ਨਾਂ ਲੈਣਾ ਇੱਕ ਫੈਸ਼ਨ ਬਣ ਗਿਆ ਹੈ ਅਤੇ ਜੇ ਉਹ (ਵਿਰੋਧੀ ਨੇਤਾ) ਇੰਨੀ ਵਾਰ ਰੱਬ ਦਾ ਨਾਂ ਜਪਦੇ ਤਾ ਉਹ ਸੱਤ ਜਨਮਾਂ ਤੱਕ ਸਵਰਗ ਨੂੰ ਪ੍ਰਾਪਤ ਕਰ ਸਕਦੇ ਸਨ।’’
ਗ੍ਰਹਿ ਮੰਤਰੀ ਨੇ ਕੱਲ੍ਹ ਇਹ ਵੀ ਕਿਹਾ ਸੀ ਕਿ ਜਦੋਂ ਕਾਂਗਰਸ ਦੇ ਦਿੱਗਜ ਨੇਤਾਵਾਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਆਪਣੇ ਜੀਵਨ ਕਾਲ ਦੌਰਾਨ ਆਪਣੇ ਆਪ ਨੂੰ ਭਾਰਤ ਰਤਨ, ਭਾਰਤ ਦਾ ਸਰਵਉੱਚ ਨਾਗਰਿਕ ਪੁਰਸਕਾਰ ਪ੍ਰਦਾਨ ਕੀਤਾ ਸੀ, ਉਨ੍ਹਾਂ ਨੇ ਬੀਆਰ ਅੰਬੇਡਕਰ ਨੂੰ ਇਹ ਸਨਮਾਨ ਨਹੀਂ ਦਿੱਤਾ ਸੀ ਅਤੇ ਉਨ੍ਹਾਂ ਦੀ ਅਣਦੇਖੀ ਕੀਤੀ ਸੀ।