ਖੜਗੇ ਵੱਲੋਂ ਕਾਂਗਰਸੀਆਂ ਨੂੰ ਆਪਸ ਵਿੱਚ ਨਾ ਲੜਨ ਦੀ ਅਪੀਲ
ਨਵੀਂ ਦਿੱਲੀ, 5 ਜੁਲਾਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪਾਰਟੀ ਕੇਡਰ ਨੂੰ ਇੱਕ-ਦੂਜੇ ਨਾਲ ਨਾ ਲੜਨ ਅਤੇ ਜ਼ਮੀਨੀ ਪੱਧਰ ’ਤੇ ਲੀਡਰਸ਼ਿਪ ਵਿਕਸਤ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਖੜਗੇ ਇੱਥੇ ਕਾਂਗਰਸ ਦੇ ਹੈੱਡਕੁਆਰਟਰ ’ਤੇ ਐੱਸਸੀ, ਐੱਸਟੀ, ਓਬੀਸੀ ਅਤੇ ਘੱਟਗਿਣਤੀ ਵਿੰਗਾਂ ਲਈ ਕਰਵਾਈ ‘ਲੀਡਰਸ਼ਿਪ ਵਿਕਾਸ ਮਿਸ਼ਨ’ ਕੌਮੀ ਵਰਕਸ਼ਾਪ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮਿਸ਼ਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਹਰ ਪੱਧਰ ’ਤੇ ਸਹਿਯੋਗ ਦੀ ਮੰਗ ਕੀਤੀ।
ਕਾਂਗਰਸੀ ਆਗੂਆਂ ਅਤੇ ਕਾਰਕੁਨਾਂ ਨੂੰ ਪਾਰਟੀ ਦੇ ਭਵਿੱਖ ਬਾਰੇ ਸੋਚਣ ਦੀ ਅਪੀਲ ਕਰਦਿਆਂ ਖੜਗੇ ਨੇ ਖੁਦ ਦੀ ਮਿਸਾਲ ਦਿੱਤੀ। ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਲੋਕਾਂ ਨੂੰ ਵੀ ਟਿਕਟ ਦਿੱਤੀ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਮੌਕੇ ਉਨ੍ਹਾਂ ਨੂੰ ਹਰਾਉਣ ਲਈ ਭਾਜਪਾ ਦੀ ਮਦਦ ਕੀਤੀ ਸੀ। ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਕਾਂਗਰਸ ਸਫਲ ਹੋਵੇੇ। ਵਰਕਸ਼ਾਪ ਦੌਰਾਨ ਉਨ੍ਹਾਂ ਪਾਰਟੀ ਕਾਰਕੁਨਾਂ ਨੂੰ ਕਿਹਾ, ‘‘ਅਸੀਂ ਲੀਡਰਸ਼ਿਪ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਥਾਨਕ ਲੀਡਰਿਸ਼ਪ ਨਾਲ ਲੜਾਈ ਸ਼ੁਰੂ ਕਰ ਦੇਵੋ ਅਤੇ ਇੱਕ ਦੂਜੇ ਖ਼ਿਲਾਫ਼ ਸ਼ਿਕਾਇਤਾਂ ਕਰੋ। ਤੁਸੀਂ ਸਥਾਨਕ ਲੀਡਰਸ਼ਿਪ ਨਾਲ ਤਾਲਮੇਲ ਬਣਾ ਕੇ ਕੰਮ ਕਰਨਾ ਹੈ।’’ ਉਨ੍ਹਾਂ ਕਿਹਾ, ‘‘ਤੁਹਾਨੂੰ ਆਪਸ ਵਿੱਚ ਨਹੀਂ ਲੜਨਾ ਚਾਹੀਦਾ। ਤੁਹਾਨੂੰ ਉਨ੍ਹਾਂ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਨਵੇਂ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।’’ -ਪੀਟੀਆਈ
‘ਭਾਜਪਾ ਨੂੰ ਪਵੇਗੀ ਮਹਿੰਗਾੲੀ ਦੀ ਮਾਰ’
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਦੇ ‘ਖੋਖਲੇ ਨਾਅਰਿਆਂ’ ਵਿੱਚ ਨਹੀਂ ਆਉਣਗੇ ਅਤੇ ਇਸ ਵਾਰ ਉਸ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਕਾਂਗਰਸ ਨੇ ਸਬਜ਼ੀਆਂ ਅਤੇ ਕੁਝ ਹੋਰ ਖਾਣ-ਪੀਣ ਦੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਹੋਇਆ ਹੈ ਅਤੇ ਸਰਕਾਰ ਤੋਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਫੌਰੀ ਕਦਮ ਚੁੱਕਣ ਦੀ ਮੰਗ ਕਰ ਰਹੀ ਹੈ। ਸ੍ਰੀ ਖੜਗੇ ਨੇ ਟਵੀਟ ਕੀਤਾ, ‘‘ਮੋਦੀ ਸਰਕਾਰ ਦੀ ਲੁੱਟ ਕਾਰਨ ਮਹਿੰਗਾਈ ਅਤੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਪਰ ਭਾਜਪਾ ਸੱਤਾ ਦੇ ਲਾਲਚ ਵਿੱਚ ਚੂਰ ਹੈ।’’ ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੇਸ਼ ਵਿੱਚ ਕੁੱਲ ਬੇਰੁਜ਼ਗਾਰੀ ਦਰ 8.45 ਫੀਸਦੀ ਤੱਕ ਪਹੁੰਚ ਗਈ ਹੈ। ਖੜਗੇ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਬੇਰੁਜ਼ਗਾਰੀ ਦਰ 8.73 ਫੀਸਦੀ ਹੈ। ਪਿੰਡਾਂ ਵਿੱਚ ਮਨਰੇਗਾ ਦੀ ਬਹੁਤ ਜ਼ਿਆਦਾ ਮੰਗ ਹੈ, ਪਰ ਉੱਥੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ। ਪੇਂਡੂ ਖੇਤਰਾਂ ਵਿੱਚ ਦਿਹਾੜੀ ਦੀ ਦਰ ਘਟੀ ਹੈ। -ਪੀਟੀਆਈ