ਕਾਂਗਰਸ ਦੀ ਮਜ਼ਬੂਤੀ ਲਈ ਖੜਗੇ ਤੇ ਰਾਹੁਲ ਵੱਲੋਂ ਪਾਰਟੀ ਸਕੱਤਰਾਂ ਨਾਲ ਮੀਟਿੰਗ
ਨਵੀਂ ਦਿੱਲੀ, 3 ਸਤੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਸਕੱਤਰਾਂ ਅਤੇ ਜੁਆਇੰਟ ਸਕੱਤਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਦੌਰਾਨ ਜਥੇਬੰਦਕ ਮਜ਼ਬੂਤੀ ਦੇ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਖੜਗੇ ਅਤੇ ਗਾਂਧੀ ਨੇ ਇੱਥੇ ਕਾਂਗਰਸ ਮੁੱਖ ਦਫ਼ਤਰ ਵਿੱਚ ਇਨ੍ਹਾਂ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਪਾਰਟੀ ਦਾ ਲੋਕ ਆਧਾਰ ਵਧਾਉਣ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਮੰਗੀ। ਇਹ ਮੀਟਿੰਗ ਵੱਡੇ ਜਥੇਬੰਦਕ ਫੇਰਬਦਲ ਦੇ ਕੁੱਝ ਦਿਨਾਂ ਮਗਰੋਂ ਹੋਈ ਹੈ। ਇਸ ਫੇਰਬਦਲ ਵਿੱਚ ਪਾਰਟੀ ਨੇ ਕੁੱਝ ਅਹੁਦੇਦਾਰਾਂ ਦੇ ਪ੍ਰਭਾਵ ਵਾਲੇ ਸੂਬਿਆਂ ਵਿੱਚ ਬਦਲਾਅ ਕੀਤਾ ਸੀ, ਜਦਕਿ ਕਈ ਨਵੇਂ ਸਕੱਤਰਾਂ ਅਤੇ ਜੁਆਇੰਟ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ। ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਕਾਂਗਰਸ ਹਰੇਕ ਭਾਰਤੀ ਤੱਕ ਰਾਬਤਾ ਬਣਾਏਗੀ। ਉਨ੍ਹਾਂ ਕਿਹਾ, ‘‘ਅਸੀਂ ਏਆਈਸੀਸੀ ਦੇ ਨਵ-ਨਿਯੁਕਤ ਸਕੱਤਰਾਂ ਤੇ ਜੁਆਇੰਟ ਸਕੱਤਰਾਂ ਦੀ ਮੀਟਿੰਗ ਦੀ ਪ੍ਰਧਾਨ ਕੀਤੀ ਹੈ। ਅਸੀਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ, ਹਰੇਕ ਆਵਾਜ਼ ਨੂੰ ਨਾਲ ਲੈ ਕੇ ਚੱਲਣ ਅਤੇ ਸੱਤਾ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਲਈ ਦ੍ਰਿੜ੍ਹ ਹਾਂ।’’ -ਪੀਟੀਆਈ