ਖਰੜ: ਮੀਂਹ ਨੇ ਖੋਲ੍ਹੀ ‘ਵਿਕਾਸ ਕਾਰਜਾਂ’ ਦੀ ਪੋਲ
ਸ਼ਸ਼ੀ ਪਾਲ ਜੈਨ
ਖਰੜ, 9 ਜੁਲਾਈ
ਅੱਜ ਸਵੇਰੇ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਖਰੜ ਇਲਾਕੇ ਵਿੱਚ ਪਾਣੀ ਹੀ ਪਾਣੀ ਕਰ ਦਿੱਤਾ ਜਿਸ ਕਾਰਨ ਜਿੱਥੇ ਦੋ ਮਕਾਨ ਡਿੱਗ ਗਏ, ਉੱਥੇ ਕਈਆਂ ਵਿੱਚ ਤਰੇੜਾਂ ਪੈ ਗਈਆਂ। ਦਰਅਸਲ, ਜਦੋਂ ਤੋਂ ਨਵੀਆਂ ਕਲੋਨੀਆਂ ਹੋਂਦ ਵਿੱਚ ਆਈਆਂ ਹਨ, ਉਨ੍ਹਾਂ ਵੱਲੋਂ ਟੋਭਿਆਂ ਅਤੇ ਰਸਤਿਆਂ ’ਤੇ ਕਬਜ਼ੇ ਕਰ ਲਏ ਗਏ ਜਿਸ ਦਾ ਨਤੀਜਾ ਅੱਜ ਦੇਖਣ ਨੂੰ ਮਿਲਿਆ ਜਦੋਂ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ।
ਸ਼ਿਵਾਲਿਕ ਸਿਟੀ ਦੇ ਗੇਟ ਉੱਤੇ 3 ਫੁੱਟ ਪਾਣੀ ਖੜ੍ਹਾ ਸੀ। ਲਾਂਡਰਾਂ ਰੋਡ ਦੇ ਦੋਵੇਂ ਪਾਸੇ ਨਾਲੇ ਪਾਣੀ ਨਾਲ ਭਰੇ ਪਏ ਸਨ। ਦਸਮੇਸ਼ ਨਗਰ ਵਿੱਚੋਂ ਲੰਘਦੀ ਚੋਈ ’ਤੇ ਹੋ ਚੁੱਕੇ ਕਬਜ਼ਿਆਂ ਕਾਰਨ ਪਾਣੀ ਕਈ ਘਰਾਂ ਵਿੱਚ ਦਾਖ਼ਲ ਹੋ ਗਿਆ। ਹਸਪਤਾਲ ਰੋਡ ’ਤੇ ਵੀ ਪਾਣੀ ਸੀ। ਲਗਪਗ ਅਲੋਪ ਹੋ ਚੁੱਕੀ ਖਾਨਪੁਰ ਵਾਲੀ ਨਦੀ ਵਿੱਚ ਲਗਭਗ 20 ਸਾਲਾਂ ਤੋਂ ਬਾਅਦ ਪਾਣੀ ਦੇਖਿਆ ਗਿਆ। ਵਾਰਡ ਨੰਬਰ 6, ਮਾਤਾ ਗੁਜਰੀ ਐਨਕਲੇਵ, ਆਰਿਆ ਕਾਲਜ ਰੋਡ ਉੱਤੇ ਪਾਣੀ ਵੱਡੀ ਮਾਤਰਾ ਵਿੱਚ ਖੜ੍ਹਾ ਸੀ। ਰੰਧਾਵਾ ਰੋਡ ਉੱਤੇ ਬਣੇ ਰੇਲਵੇ ਅੰਡਰਬ੍ਰਿਜ ਵਿੱਚ 10 ਤੋਂ 15 ਫੁੱਟ ਤੱਕ ਪਾਣੀ ਸੀ। ਵਾਰਡ ਨੰਬਰ 21 ਵਿੱਚ ਇੱਕ ਮਕਾਨ ਅਤੇ ਪਾਰਵਤੀ ਐਨਕਲੇਵ ਵਿੱਚ ਇੱਕ ਹੋਰ ਮਕਾਨ ਗਿਰ ਗਿਆ। ਕੇ.ਐਫ.ਸੀ ਨਜ਼ਦੀਕ ਸੜਕ ਦਾ ਬੁਰਾ ਹਾਲ ਸੀ ਅਤੇ ਟਰੈਫਿਕ ਜਾਮ ਰਿਹਾ। ਮੁੰਡੀ ਖਰੜ ਦੇ ਨਵੇਂ ਬਣੇ ਆਮ ਆਦਮੀ ਕਲੀਨਿਕ ਵਿੱਚ ਪਾਣੀ ਹੀ ਪਾਣੀ ਫਿਰ ਰਿਹਾ ਸੀ। ਗਾਰਡਨ ਕਲੋਨੀ ਦੇ ਕਈ ਘਰਾਂ ਵਿੱਚ ਪਾਣੀ ਵੜ ਗਿਆ। ਵੱਡੀ ਮਾਤਰਾ ਵਿੱਚ ਓਮ ਐਨਕਲੇਵ ਵਿੱਚ ਹਾਲਤ ਬਹੁਤ ਮਾੜੀ ਸੀ।