ਖਰੜ: ਦੋ ਸਾਲਾਂ ਵਿੱਚ 10 ਕਾਰਜਸਾਧਕ ਅਫ਼ਸਰ ਬਦਲੇ
ਸ਼ਸ਼ੀ ਪਾਲ ਜੈਨ
ਖਰੜ, 2 ਸਤੰਬਰ
ਖਰੜ ਨਗਰ ਕੌਂਸਲ ਦੇ 14 ਦਸੰਬਰ 2023 ਨੂੰ ਇੱਥੇ ਆਏ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਦਾ ਇੱਥੋਂ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ਅੱਜ ਨਵੇਂ ਅਧਿਕਾਰੀ ਰਵਨੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ।
ਇੱਥੋਂ ਦੀ ਆਬਾਦੀ ਤਿੰਨ ਲੱਖ ਦੇ ਕਰੀਬ ਹੈ ਤੇ ਕੌਂਸਲ ਕੋਲ ਕਰੋੜਾਂ ਰੁਪਏ ਦੇ ਫੰਡ ਹਨ ਪਰ ਕੌਂਸਲਰਾਂ ਦੀ ਖਿੱਚੋਤਾਣ ਅਤੇ ਸਮਰਪਿਤ ਅਧਿਕਾਰੀਆਂ ਦੀ ਨਿਯੁਕਤੀ ਨਾ ਹੋਣ ਕਾਰਨ ਇੱਥੇ ਕੰਮ ਠੱਪ ਹੋ ਕੇ ਰਹਿ ਗਿਆ ਹੈ।
‘ਆਪ’ ਸਰਕਾਰ ਜਦੋਂ ਸੱਤਾ ਵਿੱਚ ਆਈ ਤਾਂ ਪਹਿਲਾਂ ਹੀ ਨਿਯੁਕਤ ਅਧਿਕਾਰੀ ਰਾਜੇਸ ਸ਼ਰਮਾ ਨੂੰ 5 ਜੁਲਾਈ 2022 ਨੂੰ ਬਦਲ ਦਿੱਤਾ ਗਿਆ ਤੇ ਬਲਬੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਜੋ 10 ਅਗਸਤ 2022 ਤੱਕ ਰਹੇ। ਇਸ ਤੋਂ ਬਾਅਦ ਮਨਬੀਰ ਸਿੰਘ ਗਿੱਲ ਆਏ ਜੋ 27 ਫਰਵਰੀ 2023 ਤੱਕ ਇੱਥੇ ਰਹੇ। ਉਨ੍ਹਾਂ ਤੋਂ ਬਾਅਦ ਗੁਰਦੀਪ ਸਿੰਘ ਆਏ ਜੋ 11 ਮਈ 2023 ਤੱਕ ਇੱਥੇ ਰਹੇ। ਇਸ ਮਗਰੋਂ ਅਸ਼ੋਕ ਪਠਾਰੀਆ ਸਿਰਫ਼ ਚਾਰ ਦਿਨ ਕਾਰਜਕਾਰੀ ਅਧਿਕਾਰੀ ਰਹੇ। ਉਨ੍ਹਾਂ ਤੋਂ ਬਾਅਦ ਗੁਰਦੀਪ ਸਿੰਘ ਮੁੜ ਆਏ ਜੋ 30 ਜੂਨ 2023 ਤੱਕ ਇਸ ਅਹੁਦੇ ’ਤੇ ਰਹੇ। ਇਸ ਮਗਰੋਂ ਭੁਪਿੰਦਰ ਸਿੰਘ ਆਏ ਜੋ 3 ਜੁਲਾਈ 2023 ਤੋਂ 30 ਅਗਸਤ 2023 ਤੱਕ ਰਹੇ। ਉਨ੍ਹਾਂ ਮਗਰੋਂ ਸੁਖਦੇਵ ਸਿੰਘ ਨੇ ਜੁਆਇਨ ਕੀਤਾ ਤੇ ਉਸ ਦਾ ਤਬਾਦਲਾ 14 ਦਸੰਬਰ 2023 ਨੂੰ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਥਾਂ ਮਨਬੀਰ ਸਿੰਘ ਗਿੱਲ ਆ ਗਏ ਜਿਨ੍ਹਾਂ ਦੀ ਬਦਲੀ ਅੱਜ ਹੋ ਗਈ ਹੈ ਤੇ ਹੁਣ ਉਨ੍ਹਾਂ ਦੀ ਥਾਂ ਰਵਨੀਤ ਸਿੰਘ ਨੇ ਚਾਰਜ ਸੰਭਾਲ ਲਿਆ ਹੈ।