ਖਨੌਰੀ ਸੰਘਰਸ਼: ਧਰਨਾਕਾਰੀਆਂ ਨੇ ਪਾਣੀ ਤੇ ਬਿਜਲੀ ਪ੍ਰਬੰਧਾਂ ਲਈ ਜਾਮ ਲਾਇਆ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 27 ਮਾਰਚ
ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਲਈ ਨਿਕਲੇ ਕਿਸਾਨਾਂ ਦਾ ਖਨੌਰੀ ਬਾਰਡਰ ਦਾ ਧਰਨਾ 44ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਧਰਨਾਕਾਰੀ ਕਿਸਾਨਾਂ ਵੱਲੋਂ ਅੱਜ ਧਰਨੇ ਵਾਲੀ ਥਾਂ ’ਤੇ ਪੀਣ ਯੋਗ ਪਾਣੀ ਅਤੇ ਬਿਜਲੀ ਦੇ ਪ੍ਰਬੰਧਾਂ ਨੂੰ ਲੈ ਕੇ ਕੌਮੀ ਰਾਜਧਾਨੀ ਨਵੀਂ ਦਿੱਲੀ ਨੂੰ ਜਾਂਦਾ ਕੌਮੀ ਸ਼ਾਹਰਾਹ ਜਾਮ ਕਰ ਦਿੱਤਾ ਗਿਆ। ਕਰੀਬ ਢਾਈ ਘੰਟੇ ਮਗਰੋਂ ਪਾਣੀ ਅਤੇ ਬਿਜਲੀ ਦੇ ਪ੍ਰਬੰਧ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਆਵਾਜਾਈ ਮੁੜ ਬਹਾਲ ਹੋਈ।
ਇਸ ਮੌਕੇ ਬਲਦੇਵ ਸਿੰਘ ਸੰਦੋਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਯਾਦਵਿੰਦਰ ਸਿੰਘ ਬੂਰੜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਸੁਰਿੰਦਰਪਾਲ ਸਿੰਘ ਭਾਕਿਯੂ ਕ੍ਰਾਂਤੀਕਾਰੀ, ਰਣਜੀਤ ਸਿੰਘ ਜੀਦਾ ਭਾਕਿਯੂ ਏਕਤਾ ਸਿੱਧੂਪੁਰ, ਮਾਸਟਰ ਲਖਵਿੰਦਰ ਸਿੰਘ ਰਈਆ ਭਾਕਿਯੂ ਸਿਰਸਾ, ਚਰਨਜੀਤ ਸਿੰਘ ਭਾਕਿਯੂ ਏਕਤਾ ਖੋਸਾ, ਨੌਨਿਹਾਲ ਸਿੰਘ ਕੋਟ ਬੁੱਢਾ ਸਮੇਤ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਧਰਨਾਕਾਰੀਆਂ ਨੂੰ ਪੀਣ ਵਾਲੇ ਪਾਣੀ ਅਤੇ ਬਿਜਲੀ ਦੀਆਂ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹਾਂ ਮੰਗਾਂ ਸਬੰਧੀ ਉਹ ਪਹਿਲਾਂ ਵੀ ਤਹਿਸੀਲਦਾਰ ਪਾਤੜਾਂ ਨਾਲ ਮੀਟਿੰਗ ਕਰ ਕੇ ਮੰਗ ਪੱਤਰ ਦੇ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕੰਨਾਂ ’ਤੇ ਕੋਈ ਜੂੰਅ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਅਪੀਲਾਂ ਕਰਨ ’ਤੇ ਵੀ ਇਨ੍ਹਾਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਲਈ ਪ੍ਰਸਾਸ਼ਨ ਨੇ ਕੋਈ ਪਹਿਲਕਦਮੀ ਨਹੀਂ ਕੀਤੀ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਅਤੇ ਸਰਕਾਰਨੂੰ ਚਿਤਾਵਨੀ ਦਿੰਦਿਆਂ ਕਿਹਾ ਜੇ ਰਹੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਮਜ਼ਦੂਰ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਨਾਇਬ ਤਹਿਸੀਲਦਾਰ ਪਾਤੜਾਂ ਰਮਨ ਸਿੰਘ ਵੱਲੋਂ 24 ਘੰਟੇ ਅੰਦਰ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਿਆ।