For the best experience, open
https://m.punjabitribuneonline.com
on your mobile browser.
Advertisement

ਖਨੌਰੀ ਤੇ ਮੂਨਕ: ਹੜ੍ਹਾਂ ਦੇ ਮਾਰਿਆਂ ਨੂੰ ਤਿਣਕੇ ਦੇ ਸਹਾਰੇ ਦੀ ਉਡੀਕ

07:22 AM Jul 15, 2023 IST
ਖਨੌਰੀ ਤੇ ਮੂਨਕ  ਹੜ੍ਹਾਂ ਦੇ ਮਾਰਿਆਂ ਨੂੰ ਤਿਣਕੇ ਦੇ ਸਹਾਰੇ ਦੀ ਉਡੀਕ
ਖਨੌਰੀ ਸ਼ਹਿਰ ਵਿੱਚ ਪਾਣੀ ਦਾਖਲ ਹੋਣ ਤੋਂ ਰੋਕਣ ਲਈ ਡਰੇਨ ਦਾ ਬੰਨ੍ਹ ਮਜ਼ਬੂਤ ਕਰਦੇ ਹੋਏ ਲੋਕ।
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 14 ਜੁਲਾਈ
ਖਨੌਰੀ ਅਤੇ ਮੂਨਕ ਇਲਾਕੇ ਵਿੱਚ ਘੱਗਰ ਦਾ ਕਹਿਰ ਲਗਾਤਾਰ ਜਾਰੀ ਹੈ। ਘੱਗਰ ’ਚ ਕਈ ਥਾਂ ਪਏ ਪਾੜ ਜਿਉਂ ਦੇ ਤਿਉਂ ਬਰਕਰਾਰ ਹਨ ਤੇ ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਲਈ ਪਾੜ ਭਰਨ ਦੀ ਹਰ ਕੋਸ਼ਿਸ਼ ਹਾਲ ਦੀ ਘੜੀ ਅਸਫ਼ਲ ਹੋ ਰਹੀ ਹੈ। ਘੱਗਰ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਉੱਪਰ ਵਗ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਹਿਰ ਮੁਲਾਜ਼ਮਾਂ ਤੇ ਮਿੱਟੀ ਦੀ ਘਾਟ ਸਣੇ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਕਾਰਨ ਦਿੱਕਤਾਂ ਵਧੀਆਂ ਹੋਈਆਂ ਹਨ। ਖਨੌਰੀ ਤੇ ਮੂਨਕ ਸ਼ਹਿਰਾਂ ’ਚ ਪਾਣੀ ਦਾਖਲ ਹੋਣ ਦਾ ਖ਼ਤਰਾ ਟਲਿਆ ਨਹੀਂ ਹੈ। ਇਲਾਕੇ ਦੇ ਦਰਜਨਾਂ ਪਿੰਡ ਘੱਗਰ ਦੀ ਮਾਰ ਹੇਠ ਹਨ ਤੇ ਹਜ਼ਾਰਾਂ ਏਕੜ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ। ਖਨੌਰੀ ਨੇੜੇ ਕੌਮੀ ਮਾਰਗ ਦਾ ਇੱਕ ਪਾਸਾ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ ਤੇ ਸੜਕ ਹੇਠਾਂ ਧਸਣ ਕਾਰਨ ਵੱਡਾ ਖੱਡਾ ਬਣ ਗਿਆ ਹੈ।ਮੂਨਕ ਵਿੱਚ ਐੱਸਡੀਐੱਮ ਕੰਪਲੈਕਸ ਵੀ ਹੜ੍ਹ ਦੀ ਮਾਰ ਹੇਠ ਆ ਗਿਆ ਹੈ। ਮੂਨਕ ਅਤੇ ਖਨੌਰੀ ਸ਼ਹਿਰ ’ਚ ਪਾਣੀ ਨੂੰ ਦਾਖਲ ਹੋਣ ਤੋਂ ਰੋਕਣ ਲਈ ਲੋਕ ਆਪਣੇ ਪੱਧਰ ’ਤੇ ਬੰਨ੍ਹ ਲਾਉਣ ’ਚ ਜੁੱਟ ਗਏ ਹਨ। ਗੌਰਤਲਬ ਹੈ ਕਿ ਖਨੌਰੀ ਸ਼ਹਿਰ ਕੋਲੋਂ ਲੰਘਦੀ ਡਰੇਨ ਦੇ ਪਾਣੀ ਦਾ ਪੱਧਰ ਬੰਨ੍ਹ ਦੇ ਬਰਾਬਰ ਪੁੱਜਣ ਮਗਰੋਂ ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀਆਂ ਸਮੇਤ ਮਿੱਟੀ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਖ਼ੁਦ ਹੀ ਮੋਰਚਾ ਸੰਭਾਦਿਆਂ ਕਰੀਬ ਅੱਧਾ ਕਿਲੋਮੀਟਰ ਤੱਕ ਬੰਨ੍ਹ ਦੋ-ਦੋ ਫੁੱਟ ਉੱਚਾ ਕਰ ਦਿੱਤਾ ਹੈ। ਘੱਗਰ ਦੇ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਈ ਮੁੱਖ ਸੜਕਾਂ ਬੰਦ ਹਨ, ਜਨਿ੍ਹਾਂ ’ਚ ਮੂਨਕ ਤੋਂ ਪਾਤੜਾਂ ਵਾਲੀ ਮੁੱਖ ਸੜਕ ਹਮੀਰਗ੍ਹੜ੍ਹ ਤੇ ਸਲੇਮਗੜ ਆਵਾਜਾਈ ਲਈ ਬੰਦ ਹੈ, ਮੂਨਕ ਤੋਂ ਟੋਹਾਣਾ ਸੜਕ ਸਤਿਸੰਗ ਘਰ ਨੇੜੇ ਮੂਨਕ ਆਵਾਜਾਈ ਲਈ ਬੰਦ ਹੈ, ਮੂਨਕ ਤੋਂ ਲਹਿਰਾ ਸੜਕ ਪਿੰਡ ਬੱਲਰਾ ਕੋਲੋਂ ਬੰਦ, ਨੈਸ਼ਨਲ ਹਾਈਵੇਅ-71 ਪਾਤੜਾਂ ਤੋਂ ਖਨੌਰੀ ਰੋਡ ਨੇੜੇ ਖਨੌਰੀ ਕੋਲੋਂ ਬੰਦ ਹੈ, ਮੂਨਕ ਤੋਂ ਮਕਰੋੜ ਸਾਹਬਿ ਵੱਲ ਨਵਾਂ ਬੱਸ ਸਟੈਂਡ ਨੇੜੇ ਬੰਦ ਹੈ ਅਤੇ ਪਿੰਡ ਮੰਡਵੀਂ ਖਨੌਰੀ ਲਿੰਕ ਰੋਡ ਆਵਾਜਾਈ ਲਈ ਬੰਦ ਹਨ, ਜਦਕਿ ਮੂਨਕ ਤੋਂ ਜਾਖਲ ਰੋਡ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ।ਜ਼ਿਲ੍ਹਾ ਮੁੱਖ ਖੇਤੀਬਾੜੀ ਦਫ਼ਤਰ ਅਨੁਸਾਰ ਕਰੀਬ 30 ਹਜ਼ਾਰ ਏਕੜ ਫ਼ਸਲ ਘੱਗਰ ਦੇ ਪਾਣੀ ਦੀ ਮਾਰ ਹੇਠ ਹੈ। ਜੇਕਰ ਪਾਣੀ ਦਾ ਪੱਧਰ ਰੁਕ ਜਾਵੇ ਤਾਂ ਇਸ ਵਿਚੋਂ ਪੰਜਾਹ ਫੀਸਦ ਰਕਬੇ ’ਚ ਮੁੜ ਝੋਨਾ ਲੱਗ ਸਕਦਾ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਨੀਰੀ ਵਾਸਤੇ ਮਹਿੰਗੇ ਭਾਅ ਬੀਜ ਨਾ ਖਰੀਦਣ ਕਿਉਂਕਿ ਵੱਡੀ ਪੱਧਰ ’ਤੇ ਕਿਸਾਨਾਂ ਲਈ ਪਨੀਰੀ ਲਗਾਈ ਜਾ ਰਹੀ ਹੈ।

Advertisement

ਮੂਨਕ ਫਰਟੀਲਾਈਜ਼ਰ ਦੇਹਲਾ ਦੇ ਤਿੰਨ ਮੁਲਾਜ਼ਮ ਰੁੜ੍ਹੇ
ਲਹਿਰਾਗਾਗਾ/ਸੰਗਰੂਰ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਸਥਾਨਕ ਜ਼ਿੰਕ ਫੈਕਟਰੀ ਵਿੱਚ ਕੰਮ ਕਰਦੇ ਤਿੰਨ ਮੁਲਾਜ਼ਮ ਅੱਜ ਘੱਗਰ ਦੇ ਓਵਰਫਲੋਅ ਹੋਏ ਤੇਜ਼ ਵਹਾਅ ਪਾਣੀ ਵਿੱਚ ਰੁੜ੍ਹ ਗਏ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਐੱਨਡੀਆਰਐੱਫ ਦੀ ਟੀਮ ਨੇ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ ਹੈ, ੲਿੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤੀਸਰਾ ਵਿਅਕਤੀ ਹਾਲੇ ਲਾਪਤਾ ਹੈ। ਇਸ ਸਬੰਧ ਵਿੱਚ ਪੁਲੀਸ ਨੇ ਫੈਕਟਰੀ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਨੁਰੂ ਖ਼ਾਨ (20) ਵਾਸੀ ਪਿੰਡ ਬੱਲਰਾਂ ਵਜੋਂ ਹੋਈ ਹੈ, ਜਦਕਿ ਬਲਵਿੰਦਰ ਦੀਨ ਵਾਸੀ ਪਿੰਡ ਬਖੌਰਾ ਕਲਾਂ ਇਸ ਵੇਲੇ ਜਾਖਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਤੀਜੇ ਮੁਲਾਜ਼ਮ ਲਵਪ੍ਰੀਤ ਲੱਕੀ ਵਾਸੀ ਪਿੰਡ ਬੱਲਰਾ ਦੀ ਭਾਲ ਕੀਤੀ ਜਾ ਰਹੀ ਹੈ। ਨੁਰੂ ਖ਼ਾਨ ਦੇ ਚਾਚਾ ਬਿੰਦਰ ਖ਼ਾਨ ਨੇ ਥਾਣਾ ਮੂਨਕ ਦੀ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਬੀਤੀ ਸ਼ਾਮ ਮੂਨਕ ਫਰਟੀਲਾਈਜ਼ਰ ਦੇਹਲਾ ਦੇ ਮਾਲਕ ਲਾਜਪਤ ਰਾਏ ਨੇ ਫੋਨ ਕਰਕੇ ਨੁਰੂ ਨੂੰ ਕੰਮ ’ਤੇ ਸੱਦਿਆ ਸੀ, ਪਰ ਰਾਤ ਵੇਲੇ ਫੈਕਟਰੀ ਵਿੱਚ ਹੜ੍ਹ ਦਾ ਪਾਣੀ ਆ ਗਿਆ। ਸਵੇਰੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਸੀ ਕਿ ਹੜ੍ਹ ਦੇ ਪਾਣੀ ਵਿੱਚ ਰੁੜੇ ਨੁਰੂ ਨੂੰ ਕੱਢ ਕੇ ਹਸਪਤਾਲ ਲਿਆਂਦਾ ਗਿਆ ਸੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement
Tags :
Author Image

sukhwinder singh

View all posts

Advertisement
Advertisement
×