ਖਨੌਰੀ: ਕਿਸਾਨੀ ਹਿੱਤਾਂ ਲਈ ਸੰਘਰਸ਼ ਦਾ ਅਹਿਦ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 22 ਫਰਵਰੀ
ਖਨੌਰੀ ਬਾਰਡਰ ’ਤੇ ਭਾਵੇਂ ਅੱਜ ਸ਼ਾਂਤੀ ਵਾਲਾ ਮਾਹੌਲ ਰਿਹਾ ਪਰ ਕੱਲ੍ਹ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਸਾਫ਼ ਝਲਕਿਆ। ਇਸ ਮੌਕੇ ਕਿਸਾਨਾਂ ਦੇ ਸੰਘਰਸ਼ ਲਈ ਹੌਂਸਲੇ ਬੁਲੰਦ ਸਨ। ਅੱਜ ਕਿਸਾਨਾਂ ਵਲੋਂ ਜਿੱਥੇ ਸ਼ੁਭਕਰਨ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਉਥੇ ਸ਼ਹੀਦ ਕਿਸਾਨਾਂ ਦੀ ਸੋਚ ’ਤੇ ਪਹਿਰਾ ਦੇਣ ਅਤੇ ਕਿਸਾਨੀ ਹਿੱਤਾਂ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਕਿਸਾਨਾਂ ਵਲੋਂ ਅੱਜ ਖਨੌਰੀ ਬਾਰਡਰ ’ਤੇ ਰੋਸ ਧਰਨਾ ਦਿੱਤਾ ਗਿਆ। ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋਏ ਕਿਸਾਨ ਮਨਜੀਤ ਸਿੰਘ ਪਿੰਡ ਕਾਂਗਥਲਾ ਦੀ ਮ੍ਰਿਤਕ ਦੇਹ ਨੂੰ ਵੀ ਖਨੌਰੀ ਬਾਰਡਰ ’ਤੇ ਲਿਆਂਦਾ ਗਿਆ ਜਿਥੇ ਕਿਸਾਨਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ।
ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਵਲੋਂ ਕੱਲ੍ਹ ਟਰੈਕਟਰਾਂ, ਕਾਰਾਂ, ਜੀਪਾਂ ਅਤੇ ਸਾਮਾਨ ਦੀ ਕੀਤੀ ਭੰਨਤੋੜ ਦੇ ਮੰਜ਼ਰ ਨੂੰ ਵੇਖ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਵੇਂ ਨਫ਼ਰਤ ਭਰੇ ਲਹਿਜ਼ੇ ਵਿਚ ਇਨ੍ਹਾਂ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅੱਜ ਪੰਜਾਬ-ਹਰਿਆਣਾ ਹੱਦ ਤੋਂ ਪਿੱਛੇ ਕਿਸਾਨਾਂ ਵਲੋਂ ਕਰੀਬ ਦਸ ਫੁੱਟ ਦੇ ਵਕਫ਼ੇ ਨਾਲ ਦੋ ਥਾਵਾਂ ’ਤੇ ਕੰਡਿਆਲੀ ਤਾਰ ਲਗਾਈ ਗਈ ਤੇ ਵਾਲੰਟੀਅਰ ਵੀ ਖੜ੍ਹਾਏ ਗਏ ਤਾਂ ਕਿ ਕੋਈ ਵੀ ਕਿਸਾਨ ਅੱਗੇ ਨਾ ਜਾਵੇ। ਕਿਸਾਨਾਂ ਵਲੋਂ ਅੱਜ ਮੀਟਿੰਗ ਵੀ ਕੀਤੀ ਗਈ ਜਿਸ ਵਿਚ ਕੱਲ੍ਹ ਵਾਪਰੇ ਘਟਨਾਕ੍ਰਮ ’ਤੇ ਵਿਚਾਰ ਚਰਚਾ ਕੀਤੀ ਗਈ। ਸ਼ਹੀਦਾਂ ਨੂੰ ਸਮਰਪਿਤ ਕਿਸਾਨਾਂ ਵਲੋਂ ਸਤਿਨਾਮ-ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ।
ਉਧਰ, ਖਨੌਰੀ ਬਾਰਡਰ ’ਤੇ ਭਲਵਾਨ ਵੀ ਕਿਸਾਨੀ ਸੰਘਰਸ਼ ’ਚ ਡਟੇ ਹੋਏ ਹਨ। ਗੋਲੂ ਭਲਵਾਨ ਅਤੇ ਸੁੱਖੀ ਚੀਮਾ ਦਾ ਕਹਿਣਾ ਹੈ ਕਿ ਕਿਸਾਨੀ ਪਹਿਲਾਂ ਅਤੇ ਭਲਵਾਨੀ ਬਾਅਦ ਵਿਚ ਹੈ। ਜੇਕਰ ਕਿਸਾਨੀ ਬਚੇਗੀ ਤਾਂ ਹੀ ਕੁਸ਼ਤੀ ਅਖਾੜੇ, ਖੇਡ ਮੇਲੇ, ਟੂਰਨਾਮੈਂਟ ਅਤੇ ਛਿੰਝ ਮੇਲੇ ਲੱਗਣਗੇ। ਉਹ ਦੇਸੀ ਘੀ, ਬਦਾਮ-ਕਾਜੂ ਅਤੇ ਫਰੂਟ ਆਦਿ ਨਾਲ ਲੈ ਕੇ ਆਏ ਹਨ। ਅੱਜ ਕਿਸਾਨਾਂ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਨੂੰ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਅੰਮ੍ਰਿਤਸਰ, ਬਲਦੇਵ ਸਿੰਘ ਸੰਦੋਹਾ ਜ਼ਿਲ੍ਹਾ ਬਠਿੰਡਾ, ਬੋਹੜ ਸਿੰਘ ਫਰੀਦਕੋਟ, ਪਲਵਿੰਦਰ ਸਿੰਘ ਮਾਹਲ ਅੰਮ੍ਰਿਤਸਰ ਅਤੇ ਸੁਰਜੀਤ ਸਿੰਘ ਜ਼ਿਲ੍ਹਾ ਸੰਗਰੂਰ ਨੇ ਸੰਬੋਧਨ ਕੀਤਾ।
ਖਨੌਰੀ ਤੇ ਸ਼ੰਭੂ ਬਾਰਡਰ ਵੱਲ ਜੇਸੀਬੀ, ਪੋਕਲੇਨ ਤੇ ਟਿੱਪਰ ਰੋਕਣ ਦੀਆਂ ਹਦਾਇਤਾਂ
ਮੋਗਾ (ਮਹਿੰਦਰ ਸਿੰਘ ਰੱਤੀਆਂ): ਖਨੌਰੀ ਤੇ ਸ਼ੰਭੂ ਬਾਰਡਰ ’ਤੇ ਤਣਾਅ ਦੀ ਸਥਿਤੀ ਦੇ ਮੱਦੇਨਜ਼ਰ ਹਰਿਆਣਾ ਦੇ ਡੀਜੀਪੀ ਨੇ ਪੰਜਾਬ-ਹਰਿਆਣਾ ਸਰਹੱਦ ਵੱਲ ਜੇਸੀਬੀ, ਪੋਕਲੇਨ, ਟਿੱਪਰ ਤੇ ਹੋਰ ਭਾਰੀ ਮਸ਼ੀਨਰੀ ਰੋਕਣ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ। ਪੰਜਾਬ ਪੁਲੀਸ ਮੁਖੀ ਵੱਲੋਂ ਕਿਹਾ ਗਿਆ ਹੈ ਕਿ ਡੀਜੀਪੀ ਹਰਿਆਣਾ ਤੋਂ ਪੱਤਰ ਪ੍ਰਾਪਤ ਹੋਣ ਉੱਤੇ ਸੂਬੇ ਦੇ ਐਸਐਸਪੀਜ਼ ਅਤੇ ਸੀਪੀਜ਼ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਪੰਜਾਬ-ਹਰਿਆਣਾ ਸਰਹੱਦ ਵੱਲ ਜੇਸੀਬੀ, ਪੋਕਲੇਨ, ਟਿੱਪਰ ਅਤੇ ਹੋਰ ਭਾਰੇ ਯੰਤਰ ਪਹੁੰਚਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਡੀਜੀਪੀ ਦੇ ਜਾਰੀ ਪੱਤਰ ਸਮੇਤ ਕਿਹਾ ਕਿ ਮਾਨ ਸਰਕਾਰ ਹਰਿਆਣਾ ਸਰਕਾਰ ਦੇ ਉਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕੀ ਜਿਨ੍ਹਾਂ ਨੇ ਪੰਜਾਬ ਦੇ ਧਰਤੀ ਉੱਤੇ 200 ਕਿਸਾਨਾਂ ’ਤੇ ਤਸ਼ੱਦਦ ਢਾਹਿਆ।
ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਵੱਲੋਂ ਕੇਂਦਰ ਤੇ ਹਰਿਆਣਾ ਸਰਕਾਰ ਦੀ ਆਲੋਚਨਾ
ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ ਉੱਤੇ ਹੋਏ ਤਸ਼ੱਦਦ ਬਾਰੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਜ਼ੁਲਮ ਹੈ, ਜਿਸ ਦੀ ਭਰਪਾਈ ਕਰਨੀ ਪਵੇਗੀ ਅਜਿਹਾ ਕਰਕੇ ਸੁਪਰ ਪਾਵਰ ਦਾ ਮਾਣ ਹਾਸਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਐਕਸ ’ਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਕਿਸਾਨ ਤੁਹਾਡਾ ਵਿਰੋਧ ਕਰਦਾ ਹੈ, ਉਹ ਤੁਹਾਡਾ ਦੁਸ਼ਮਣ ਨਹੀਂ, ਸਗੋਂ ‘ਇੱਜ਼ਤ ਦੀ ਰੋਟੀ’ ਲਈ ਲੜਣ ਵਾਲਾ ਭਾਰਤੀ ਹੈ। ਕਿਸਾਨਾਂ ਨੇ ਹੀ ਅਨਾਜ ਭੰਡਾਰ ਪ੍ਰਤੀ ਭਾਰਤ ਨੂੰ ਸੁਰੱਖਿਅਤ ਬਣਾਇਆ ਹੈ। ਉਨ੍ਹਾਂ ਘੱਟ ਗਿਣਤੀ ਵਾਲੇ ਰਾਜ ਨੂੰ ਰਾਸ਼ਟਰਪਤੀ ਰਾਜ ਲਾਉਣ ਦੀ ਧਮਕੀ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਢਾਲ ਨੂੰ ਕਮਜ਼ੋਰ ਕਰਕੇ ਕੋਈ ਸੁਪਰ ਪਾਵਰ ਨਹੀਂ ਬਣ ਸਕਦਾ।