ਖੰਨਾ ਦਾ ਜਸ਼ਨਪ੍ਰੀਤ ਸਿੰਘ ਬੈਨੀਪਾਲ ਜੱਜ ਬਣਿਆ
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਅਕਤੂਬਰ
ਖੰਨਾ ਦੇ ਸੀਨੀਅਰ ਐਡਵੋਕੇਟ ਜਗਰਾਜ ਸਿੰਘ ਬੈਨੀਪਾਲ ਦਾ ਪੁੱਤਰ ਜਸ਼ਨਪ੍ਰੀਤ ਸਿੰਘ ਬੈਨੀਪਾਲ ਹਰਿਆਣਾ ਜੁਡੀਸ਼ੀਅਲ ਪ੍ਰੀਖਿਆ (ਐੱਚਸੀਐੱਸ) ਵਿੱਚ 47ਵਾਂ ਰੈਂਕ ਹਾਸਲ ਕਰ ਕੇ ਜੱਜ ਬਣ ਗਿਆ ਹੈ। ਐਡਵੋਕੇਟ ਜਗਰਾਜ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਜਸ਼ਨਪ੍ਰੀਤ ਦੀ ਸ਼ੁਰੂ ਤੋਂ ਹੀ ਜੱਜ ਬਨਣ ਦੀ ਇੱਛਾ ਸੀ। ਮਾਤਾ ਦਲਜੀਤ ਕੌਰ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿਉਂਕਿ ਜਸ਼ਨਪ੍ਰੀਤ ਨੇ ਖੂਬ ਮਨ ਲਗਾ ਕੇ ਮਿਹਨਤ ਕੀਤੀ ਹੈ ਅਤੇ ਉਸ ਦੀ ਮਿਹਨਤ ਦਾ ਚੰਗਾ ਫ਼ਲ ਮਿਲਿਆ ਹੈ। ਜਸ਼ਨਪ੍ਰੀਤ ਸਿੰਘ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਸਿਰ ਬੰਨ੍ਹਿਆ। ਜਸ਼ਨਪ੍ਰੀਤ ਨੇ ਦੱਸਿਆ ਕਿ ਲਾਅ ਦੀ ਪੜ੍ਹਾਈ ਦੌਰਾਨ ਉਸ ਦੇ ਪਿਤਾ ਨੇ ਡੱਟ ਕੇ ਸਾਥ ਦਿੱਤਾ ਹੈ ਅਤੇ ਅੱਗੇ ਵੱਧਣ ਲਈ ਹਮੇਸ਼ਾ ਪ੍ਰੇਰਿਤ ਵੀ ਕੀਤਾ, ਉੱਥੇ ਹੀ ਸੀਨੀਅਰ ਐਡਵੋਕੇਟ ਮਨਮੋਹਨ ਰਤਨ ਨੇ ਉਸ ਦਾ ਸਹੀ ਮਾਰਗ ਦਰਸ਼ਨ ਕੀਤਾ ਅਤੇ ਜ਼ਰੂਰੀ ਨੁਸਖੇ ਸਾਂਝੇ ਕੀਤੇ। ਇਸ ਮੌਕੇ ਐਡੋਵੋਕੇਟ ਮੋਹਨ ਰਤਨ, ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ, ਐਡੋਵੋਕੇਟ ਸਮਸ਼ੇਰ ਸਿੰਘ, ਐਡੋਵੋਕੇਟ ਹਰਜਿੰਦਰ ਸਿੰਘ, ਕੇਸਰ ਸਿੰਘ, ਹਰਪ੍ਰੀਤ ਸਿੰਘ ਪ੍ਰਿੰਸ ਹਾਜ਼ਰ ਸਨ।