For the best experience, open
https://m.punjabitribuneonline.com
on your mobile browser.
Advertisement

ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਖੰਨਾ-ਨਵਾਂਸ਼ਹਿਰ ਮਾਰਗ ਜਾਮ

10:49 AM Oct 11, 2024 IST
ਆੜ੍ਹਤੀਆਂ  ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਖੰਨਾ ਨਵਾਂਸ਼ਹਿਰ ਮਾਰਗ ਜਾਮ
ਖੰਨਾ-ਨਵਾਂਸ਼ਹਿਰ ਮਾਰਗ ’ਤੇ ਧਰਨਾ ਲਾ ਕੇ ਬੈਠੇ ਹੋਏ ਆੜ੍ਹਤੀ, ਮਜ਼ਦੂਰ ਅਤੇ ਕਿਸਾਨ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਅਕਤੂਬਰ
ਪਿਛਲੇ 10 ਦਿਨਾਂ ਤੋਂ ਫਸਲ ਵਿਕਣ ਦੇ ਇੰਤਜ਼ਾਰ ਵਿੱਚ ਬੈਠੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੇ ਅੱਜ ਖੰਨਾ-ਨਵਾਂਸ਼ਹਿਰ ਹਾਈਵੇ ’ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਾਛੀਵਾੜਾ ਆੜ੍ਹਤੀ ਐਸੋਸ਼ੀਏਸ਼ਨ ਵੱਲੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ’ਤੇ ਆੜ੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਰੋਸ ਮੁਜ਼ਾਹਰਾ ਕੀਤਾ ਤੇ ਫਿਰ ਸੜਕ ’ਤੇ ਪੱਕਾ ਧਰਨਾ ਲਾ ਲਿਆ।
ਇਸ ਮੌਕੇ ਕਿਸਾਨ ਯੂਨੀਅਨ ਕਾਦੀਆਂ ਗਰੁੱਪ, ਰਾਜੇਵਾਲ, ਏਕਤਾ ਉਗਰਾਹਾਂ, ਮਜ਼ਦੂਰ ਯੂਨੀਅਨਾਂ ਅਤੇ ਸ਼ੈਲਰ ਮਾਲਕਾਂ ਨੇ ਧਰਨੇ ਦਾ ਸਮਰਥਨ ਕਰਦਿਆਂ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਸਮੂਹ ਆੜ੍ਹਤੀ ਫਸਲ ਖਰੀਦ ਸ਼ੁਰੂ ਕਰਵਾਉਣ ਲਈ ਤਿਆਰ ਹਨ ਪਰ ਸਰਕਾਰ ਇਹ ਦੱਸੇ ਕਿ ਝੋਨੇ ਦੀ ਤੁਲਾਈ ਤੋਂ ਬਾਅਦ ਚੁਕਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਝੋਨਾ ਚੁੱਕਣ ਨੂੰ ਤਿਆਰ ਨਹੀਂ ਕਿਉਂਕਿ ਸਰਕਾਰ ਕੋਲ ਗੁਦਾਮਾਂ ਵਿੱਚ ਝੜਾਈ ਤੋਂ ਬਾਅਦ ਚੌਲ ਸਟੋਰ ਕਰਨ ਲਈ ਥਾਂ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ 72 ਘੰਟੇ ਵਿੱਚ ਫਸਲ ਲਿਫਟਿੰਗ ਦਾ ਪ੍ਰਬੰਧ ਕਰੇ ਉਹ ਤੁਰੰਤ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦੇਣਗੇ।
ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਕੁਲਦੀਪ ਸਿੰਘ ਨਾਨੋਵਾਲ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਤੇ ਸਰਕਾਰ ਦੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਫਸਲ ਨਹੀਂ ਵਿਕ ਰਹੀ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਇੱਕਜੁੱਟ ਹੋ ਕੇ ਧਰਨਾ ਲਗਾਉਣ ਲਈ ਮਜਬੂਰ ਹਨ। ਇਸ ਮੌਕੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਸਮੱਸਿਆਵਾਂ ਦੇ ਹੱਲ ਸਬੰਧੀ ਸਿਰਫ਼ ਭਰੋਸੇ ਹੀ ਦਿੱਤੇ ਜਾਂਦੇ ਹਨ, ਜਦਕਿ ਲੋੜ ਇਹ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਨੱਕੋ ਨੱਕ ਭਰੇ ਹੋਏ ਪੰਜਾਬ ਦੇ ਗੁਦਾਮਾਂ ਨੂੰ ਖਾਲੀ ਕਰਵਾਏ। ਉਨ੍ਹਾਂ ਕਿਹਾ ਕਿ ਕਿ ਮੰਡੀਆਂ ਵਿੱਚ ਸਿਰਫ਼ ਕਿਸਾਨ ਖੱਜਲ-ਖੁਆਰ ਹੀ ਨਹੀਂ ਹੋ ਰਿਹਾ, ਸਗੋਂ ਦਿਨੋਂ ਦਿਨ ਫਸਲ ਵੀ ਖਰਾਬ ਹੋਣ ਲੱਗ ਪਈ ਹੈ।

Advertisement

72 ਘੰਟੇ ’ਚ ਹੋਵੇਗੀ ਲਿਫ਼ਟਿੰਗ: ਦਿਆਲਪੁਰਾ

ਧਰਨੇ ਵਿਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਪੁੱਜੇ ਜਿਨ੍ਹਾਂ ਨੇ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਖਰੀਦ ਸ਼ੁਰੂ ਕਰਵਾਉਣ ਤੇ ਏਜੰਸੀਆਂ 72 ਘੰਟਿਆਂ ਵਿੱਚ ਲਿਫਟਿੰਗ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀਆਂ ਮੰਗਾਂ ਵੀ ਬਿਲਕੁਲ ਜਾਇਜ਼ ਹਨ ਕਿਉਂਕਿ ਗੁਦਾਮਾਂ ਵਿੱਚ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਗੁਦਾਮਾਂ ਵਿਚ ਜਗ੍ਹਾ ਬਣਾਉਣ ਲਈ ਯਤਨਸ਼ੀਲ ਹੈ ਜਿਸ ਦਾ ਹੱਲ ਜਲਦ ਕੱਢ ਲਿਆ ਜਾਵੇਗਾ।

Advertisement

ਕੀ ਕਹਿਣਾ ਹੈ ਸ਼ੈਲਰ ਮਾਲਕਾਂ ਦਾ

ਸ਼ੈਲਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਅਤੇ ਸਮੂਹ ਸ਼ੈਲਰ ਮਾਲਕਾਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਰੁਪਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਗੁਦਾਮਾਂ ਵਿੱਚ ਪਏ ਪੁਰਾਣੇ ਚੌਲ ਨਹੀਂ ਚੁੱਕਦੀ ਉਦੋਂ ਤੱਕ ਉਹ ਨਵਾਂ ਝੋਨਾ ਝੜਾਈ ਲਈ ਮੰਡੀਆਂ ’ਚੋਂ ਨਹੀਂ ਚੁੱਕਣਗੇ। ਸ਼ੈਲਰ ਮਾਲਕਾਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਉਨ੍ਹਾਂ ਦੇ ਸ਼ੈਲਰਾਂ ਵਿਚ ਆਪਣੀ ਨਿਗਰਾਨੀ ਹੇਠ ਝੋਨਾ ਸਟੋਰ ਕਰ ਲਵੇ ਪਰ ਉਹ ਝੜਾਈ ਲਈ ਉਦੋਂ ਚੁੱਕਣਗੇ ਜਦੋਂ ਗੁਦਾਮਾਂ ਵਿੱਚ ਥਾਂ ਬਣ ਜਾਵੇਗੀ।

ਮਾਛੀਵਾੜਾ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਅਨਾਜ ਮੰਡੀ ਵਿੱਚ ਅੱਜ 10 ਦਿਨ ਦੀ ਕਸਮਕਸ਼ ਤੋਂ ਬਾਅਦ ਆਖਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਦਾ ਧਰਨਾ ਖਤਮ ਕਰਵਾਉਣ ਤੋਂ ਬਾਅਦ ਵਿਧਾਇਕ ਦਿਆਲਪੁਰਾ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਮੰਡੀ ਵਿੱਚ ਪੁੱਜੇ। ਆੜ੍ਹਤੀ ਮਾਨ ਟਰੇਡਰ ਦੀ ਦੁਕਾਨ ਤੋਂ ਵਿਧਾਇਕ ਦਿਆਲਪੁਰਾ ਨੇ ਖਰੀਦ ਸ਼ੁਰੂ ਕਰਵਾਈ ਜਿੱਥੋਂ ਕਿਸਾਨ ਸੁਰਜੀਤ ਸਿੰਘ ਬੁਰਜ ਕੱਚਾ ਦੀ ਫਸਲ ਪਨਗ੍ਰੇਨ ਏਜੰਸੀ ਨੇ ਖਰੀਦੀ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਸਰਕਾਰ ਹਰ ਹਾਲਤ ਵਿੱਚ ਝੋਨਾ ਖਰੀਦੇਗੀ ਤੇ ਅਦਾਇਗੀ ਵੀ ਤੁਰੰਤ ਹੋਵੇਗੀ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਕਿ ਮਾਛੀਵਾੜਾ ਮੰਡੀ ਦੇ ਨਾਲ ਉਪ ਖਰੀਦ ਕੇਂਦਰਾਂ ਵਿੱਚ ਵੀ ਤੁਰੰਤ ਖਰੀਦ ਸ਼ੁਰੂ ਕਰਵਾਈ ਜਾਵੇ।

Advertisement
Author Image

sukhwinder singh

View all posts

Advertisement