ਸੁਪਰੀਮ ਕੋਰਟ ਵਲੋਂ ਖਾਲਸਾ ਯੂਨੀਵਰਸਿਟੀ ਐਕਟ ਬਹਾਲ
ਮਨਮੋਹਨ ਸਿੰਘ ਢਿਲੋਂ
ਅੰਮ੍ਰਿਤਸਰ, 3 ਅਕਤੂਬਰ
ਸੁਪਰੀਮ ਕੋਰਟ ਨੇ ਹਾਈ ਕੋਰਟ ਦੇ 29 ਮਈ 2017 ਦੇ ਫੈਸਲੇ ਨੂੰ ਰੱਦ ਕਰਕੇ ਖਾਲਸਾ ਯੂਨੀਵਰਸਿਟੀ ਦੇ ਹੱਕ ਵਿਚ ਫੈਸਲਾ ਦਿੱਤਾ ਹੈ। ਖਾਲਸਾ ਕਾਲਜ ਮੈਨੇਜਮੈਂਟ ਵਲੋਂ 2025-26 ਅਕਾਦਮਿਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ 2016 ਵਿਚ ਅਕਾਲੀ ਸਰਕਾਰ ਨੇ ਖਾਲਸਾ ਯੂਨੀਵਰਸਿਟੀ ਐਕਟ ਨੂੰ ਪਾਸ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਇਸ ਐਕਟ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ ਅਤੇ ਹਾਈਕੋਰਟ ਨੇ ਐਕਟ ਰੱਦ ਕਰ ਦਿੱਤਾ ਸੀ। ਖਾਲਸਾ ਕਾਲਜ ਮੈਨੇਜਮੈਂਟ ਵਲੋਂ ਸੁਪਰੀਮ ਕੋਰਟ ਵਿੱਚ ਖਾਲਸਾ ਯੂਨੀਵਰਸਿਟੀ ਐਕਟ 2016 ਲਈ ਕੇਸ ਕੀਤਾ ਗਿਆ ਜਿਸ ਦਾ ਅੱਜ ਫੈਸਲਾ ਆਇਆ ਹੈ ਜਿਸ ਤਹਿਤ ਸੁਪਰੀਮ ਕੋਰਟ ਨੇ 2017 ਨਜ਼ਰਸਾਨੀ ਐਕਟ ਨੂੰ ਅੱਜ ਰੱਦ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਖਾਲਸਾ ਯੂਨੀਵਰਸਿਟੀ ਹੁਣ ਅਗਲੇ ਸਾਲ ਤੋਂ ਦਾਖਲੇ ਕਰੇਗੀ। ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਹ ਫੈਸਲਾ ਆਉਣ ਤੋਂ ਬਾਅਦ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਫ਼ਤਰ ਵਿੱਚ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਰਿਹਾ।