ਖਾਲਸਾ ’ਵਰਸਿਟੀ ਦੇ ਪ੍ਰੋ-ਚਾਂਸਲਰ ਵੱਲੋਂ ਮੁੱਖ ਮੰਤਰੀ ਨਾਲ ਚਰਚਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਮਾਰਚ
ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਭਵਿੱਖ ਦੇ ਉਲੀਕੇ ਗਏ ਵੱਡੇ ਅਤੇ ਮਹੱਤਵਪੂਰਨ ਪ੍ਰਾਜੈਕਟ ਖਾਲਸਾ ਯੂਨੀਵਰਸਿਟੀ ਅਤੇ ਖਾਲਸਾ ਮੈਡੀਕਲ ਕਾਲਜ ਨੂੰ ਜਲਦ ਪੂਰਾ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਗੱਲਬਾਤ ਕੀਤੀ ਹੈ। ਇਸ ਬਾਰੇ ਮੁੱਖ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਦਿੱਤਾ ਹੈ। ਮੁੱਖ ਮੰਤਰੀ ਕੱਲ੍ਹ ਖਾਲਸਾ ਕਾਲਜ ਮਹਿਲਾ ਵਿੱਚ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਆਏ ਸਨ।
ਮੁੱਖ ਮੰਤਰੀ ਨੇ ਕੌਂਸਲ ਵੱਲੋਂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਨਵੀਂ ਸਥਾਪਿਤ ਖਾਲਸਾ ਯੂਨੀਵਰਸਿਟੀ ਅਤੇ ਸਥਾਪਿਤ ਕੀਤੇ ਜਾਣ ਵਾਲੇ ਖਾਲਸਾ ਮੈਡੀਕਲ ਕਾਲਜ ਤੇ ਹਸਪਤਾਲ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਛੀਨਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ 2016 ’ਚ ਹੋਈ ਸੀ ਪਰ ਬਾਅਦ ’ਚ ਜਦੋਂ ਕਾਂਗਰਸ ਸੱਤਾ ’ਚ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਯੂਨੀਵਰਸਿਟੀ ਐਕਟ ਨੂੰ ਰੱਦ ਕਰ ਦਿੱਤਾ। ਉਸ ਵੇਲੇ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਗਏ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 3 ਅਕਤੂਬਰ 2024 ਨੂੰ ਆਪਣੇ ਫ਼ੈਸਲੇ ’ਚ ’ਵਰਸਿਟੀ ਐਕਟ-2016 ਨੂੰ ਮੁੜ ਬਹਾਲ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਕਾਲਜ ਕੈਂਪਸ ਵਿੱਚ ਲਗਾਈ ਗਈ ਪ੍ਰਦਰਸ਼ਨੀ ਦੇਖੀ ਅਤੇ ਗਵਰਨਿੰਗ ਕੌਂਸਲ ਦੇ ਵੱਡੇ ਪ੍ਰਾਜੈਕਟਾਂ ਨੂੰ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।