ਖਾਲਸਾ ਸਕੂਲ ਦਾ ਧਾਰਮਿਕ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 18 ਜਨਵਰੀ
ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਰਬ ਸਾਂਝੀ ਗੁਰਮਤਿ ਪ੍ਰਚਾਰ ਕਮੇਟੀ ਸੇਵਾ ਸੁਸਾਇਟੀ ਛੇਹਰਟਾ ਵੱਲੋਂ ਕਰਵਾਏ ਗਏ ਵੱਖ-ਵੱਖ ਵਿਸ਼ਿਆਂ ਦੇ ਧਾਰਮਿਕ ਮੁਕਾਬਲਿਆਂ ’ਚ ਸ਼ਾਨਦਾਰ ਸਥਾਨ ਹਾਸਲ ਕੀਤੇ। ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਵਿਸ਼ਿਆਂ ਜਿਵੇਂ ਗੁਰਬਾਣੀ ਕੰਠ, ਸੁੰਦਰ ਲਿਖਾਈ ਅਤੇ ਕੁਇੱਜ਼ ’ਚ ਹਿੱਸਾ ਲਿਆ ਤੇ ਨਕਦ ਰਾਸ਼ੀ, ਮੋਮੈਂਟੋ ਅਤੇ ਮੈਡਲ ਹਾਸਲ ਕੀਤੇ।
ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 4 ਤੋਂ
ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤ ਨੂੰ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਦੇਣ ਲਈ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਕਰਵਾਇਆ ਜਾਂਦਾ ਹੈ, ਜਿਸ ਦੀਆਂ ਪ੍ਰੀਖਿਆਵਾਂ 4 ਫ਼ਰਵਰੀ ਤੋਂ 6 ਫ਼ਰਵਰੀ ਦੌਰਾਨ ਹੋ ਰਹੀਆਂ ਹਨ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੀ ਪ੍ਰੀਖਿਆ 4 ਫ਼ਰਵਰੀ ਨੂੰ ਹੋਵੇਗੀ ਅਤੇ ਧਾਰਮਿਕ ਪ੍ਰੀਖਿਆ ਦੇ ਦਰਜਾ ਤੀਜਾ ਅਤੇ ਚੌਥਾ ਦਾ ਪੇਪਰ 5 ਅਤੇ 6 ਫ਼ਰਵਰੀ ਨੂੰ ਲਿਆ ਜਾਵੇਗਾ।