For the best experience, open
https://m.punjabitribuneonline.com
on your mobile browser.
Advertisement

ਖਾਲਸਾ ਸਾਜਨਾ ਦਿਵਸ: ਗੁਰਦੁਆਰਿਆਂ ਵਿਖੇ ਵੱਡੀ ਗਿਣਤੀ ਸੰਗਤ ਨਤਮਸਤਕ

11:10 AM Apr 14, 2024 IST
ਖਾਲਸਾ ਸਾਜਨਾ ਦਿਵਸ  ਗੁਰਦੁਆਰਿਆਂ ਵਿਖੇ ਵੱਡੀ ਗਿਣਤੀ ਸੰਗਤ ਨਤਮਸਤਕ
ਗੁਰਦੁਆਰਾ ਸੀ ਦੂਖਨਿਵਾਰਨ ਸਾਹਿਬ ਵਿਖੇ ਇਸ਼ਨਾਨ ਕਰਦੇ ਹੋਏ ਸ਼ਰਧਾਲੂ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ 13 ਅਪਰੈਲ
ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਅਤੇ ਪਾਤਸ਼ਾਹੀ ਨੌਵੀਂ ਗੁਰਦਵਾਰਾ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਈ। ਇਸ ਦੌਰਾਨ ਸੰਗਤ ਨੇ ਜਿਥੇ ਸਰੋਵਰ ’ਚ ਇਸ਼ਨਾਨ ਕੀਤਾ, ਉੱਥੇ ਹੀ ਸੰਗਤ ਅਤੇ ਪੰਗਤ ਵੀ ਕੀਤੀ। ਦੋਵਾਂ ਥਾਵਾਂ ’ਤੇ ਹੀ ਪ੍ਰਬੰਧਕਾਂ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਸਨ।
ਭਾਵੇਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਹੀ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਏ, ਪਰ ਮੁੱਖ ਤੌਰ ’ਤੇ ਵਿਸਾਖੀ ਮੌਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਵਧੇਰੇ ਸੰਗਤ ਅੱਪੜਦੀ ਹਨ। ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਗ੍ਰੰਥੀ ਸਿੰਘਾਂ ਨੇ ਖਾਲਸਾ ਪੰਥ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਗੁਰਦੁਆਰਾ ਬਹਾਦਰਗੜ੍ਹ ਵਿਖੇ ਸਾਲਾਨਾ ਜੋੜ ਮੇਲ ਦੌਰਾਨ ਸਜੇ ਦੀਵਾਨਾਂ ’ਚ ਸੰਗਤ ਨੇ ਹਾਜ਼ਰੀ ਭਰੀ ਅਤੇ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਵਿਧਾਇਕ ਐਨ ਕੇ ਸ਼ਰਮਾ ਤੇ ਹਰਿੰਦਰਪਾਲ ਚੰਦੂਮਾਜਰਾ, ਅਤ੍ਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ, ਉਚੇਚੇ ਤੌਰ ’ਤੇ ਪੁੱਜੇ ਸਨ। ਇਨ੍ਹਾਂ ਦੋਵਾਂ ਥਾਵਾਂ ’ਤੇ ਹੀ ਅੱਜ 500 ਦੇ ਕਰੀਬ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ।
ਦੇਵੀਗੜ੍ਹ (ਪੱਤਰ ਪ੍ਰੇਰਕ): ਇਤਿਹਾਸਕ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਮਿਲਾਪਸਰ ਘੜਾਮ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਵਾਰ ਇਹ ਸਮਾਗਮ ਕਾਰ ਸੇਵਾ ਵਾਲੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਦੌਰਾਨ ਇੱਥੇ ਅਖੰਡ ਪਾਠ ਸ਼ੁਰੂ ਕਰਵਾਏ ਗਏ ਹਨ ਜਿਨ੍ਹਾਂ ਦਾ ਭੋਗ 14 ਅਪਰੈਲ ਦਿਨ ਐਤਵਾਰ ਨੂੰ ਪਵੇਗਾ। ਇਸ ਦੌਰਾਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਤੋਂ ਸਵੇਰੇ 10 ਵਜੇ ਨਗਰ ਕੀਰਤਨ ਵੀ ਸਜਾਇਆ ਗਿਆ ਜੋ ਪੀਰ ਭੀਖਮ ਸ਼ਾਹ ਦੀ ਦਰਗਾਹ ਅਤੇ ਪਿੰਡ ਦੇ ਦੁਆਲੇ ਘੁੰਮ ਕੇ ਗੁਰਦੁਆਰਾ ਬਾਉਲੀ ਸਾਹਿਬ ਪਹੁੰਚਿਆ।
ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ): ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸੁਨਾਮ ਵਿਖੇ ਖਾਲਸੇ ਦਾ 325ਵਾਂ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਵੱਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਜਗਮੇਲ ਸਿੰਘ ਛਾਜਲਾ ਹਜ਼ੂਰੀ ਰਾਗੀ ਵੱਲੋਂ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ ਗਿਆ। ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਦਸਤਾਰ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਦਸਤਾਰ ਸਜਾਉਣ ਮੁਕਾਬਲੇ ਦੌਰਾਨ ਪਹਿਲੇ ਸਥਾਨ ’ਤੇ ਜਪਨੂਰ ਸਿੰਘ ਰਹੇ। ਇਸੇ ਦੌਰਾਨ ਸਥਾਨਕ ਗੁਰਦੁਆਰਾ ਅਕਾਲਗੜ ਸਾਹਿਬ ਵਿਖੇ ਮੁੱਖ ਸੇਵਾਦਾਰ ਬੀਬੀ ਮਨਜੀਤ ਕੌਰ ਧਾਲੀਵਾਲ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਵੱਲੋਂ ਖਾਲਸਾ ਪੰਥ ਦਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ, ਲੇਖਕ ਸੁਖਵਿੰਦਰ ਸਿੰਘ ਫੁੱਲ, ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਗੁਰੂ ਘਰਾਂ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ, ਗੁਰਦੁਆਰਾ ਮੰਜੀ ਸਾਹਿਬ ਆਲੋਅਰਖ, ਮਾਝੀ, ਫੱਗੂਵਾਲਾ, ਘਰਾਚੋਂ, ਚੰਨੋਂ, ਬਖੋਪੀਰ ਆਦਿ ਅਸਥਾਨਾਂ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਕੀਰਤਨ ਸਜਾਏ ਗਏ।
ਪਾਤੜਾਂ (ਪੱਤਰ ਪ੍ਰੇਰਕ): ਗੁਰਦੁਆਰਾ ਗੁਰੂ ਤੇਗ ਬਹਾਦਰ ਪਾਤੜਾਂ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ। ਗੁਰਮਤਿ ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਦੀਦਾਰ ਸਿੰਘ, ਭਾਈ ਰਾਮਫਲ ਸਿੰਘ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।

Advertisement

ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵਿਸਾਖੀ ਮਨਾਈ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਇਤਿਹਾਸਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਪਵਿੱਤਰ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਤਾਦਾਦ ਵਿੱਚ ਪੁੱਜੀ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਘਰ ਵਿਚ ਨਤਮਸਤਕ ਹੋਈ। ਪਵਿੱਤਰ ਦਿਹਾੜੇ ’ਤੇ 150 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਗੁਰਦੁਆਰਾ ਸਾਹਿਬ ਵਿਖੇ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

Advertisement
Author Image

sukhwinder singh

View all posts

Advertisement
Advertisement
×