ਖ਼ਾਲਸਾ ਕਾਲਜ ਨੇ ਫੁਟਬਾਲ ਓਪਨ ਦੀ ਟਰਾਫੀ ਜਿੱਤੀ
ਹਤਿੰਦਰ ਮਹਿਤਾ
ਜਲੰਧਰ, 3 ਜਨਵਰੀ
ਸਪੋਰਟਸ ਕਲੱਬ ਆਦਮਪੁਰ ਵੱਲੋਂ ਸਵਰਗੀ ਜਗੀਰ ਸਿੰਘ ਵਾਹੀ, ਕੁਲਦੀਪ ਸਿੰਘ ਭੱਟੀ, ਮਨਿੰਦਰ ਭਾਰਦਵਾਜ ਤੇ ਸਵਰਗੀ ਸੁਰਿੰਦਰ ਸਿੰਘ ਬਾਵਾ ਹੈਨਰੀ ਨੂੰ ਸਮਰਪਿਤ ਕਲੱਬ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਲਾ ਦੀ ਦੇਖ-ਰੇਖ ਹੇਠ ਐੱਨਆਰਆਈਜ਼ ਤੇ ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਵਰਗੀ ਰੌਸ਼ਨ ਲਾਲ ਸ਼ਰਮਾ ਮੈਮੋਰੀਅਲ ਚਾਰ ਰੋਜ਼ਾ ਫੁੱਟਬਾਲ ਤੇ ਵਾਲੀਬਾਲ ਟੂਰਨਾਮੈਂਟ ਸਪੋਰਟਸ ਸਟੇਡੀਅਮ ਆਦਮਪੁਰ ਵਿੱਚ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਤੇ ‘ਆਪ’ ਆਗੂ ਪਵਨ ਕੁਮਾਰ ਟੀਨੂੰ ਪੁੱਜੇ। ਦਲਜੀਤ ਸਿੰਘ ਮਿਨਹਾਸ ਜ਼ਿਲ੍ਹਾ ਸਕੱਤਰ ਕਿਸਾਨ ਵਿੰਗ ‘ਆਪ’ ਅਤੇ ਪਵਿੱਤਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਆਦਮਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਲਾ ਤੇ ਚੰਦਰ ਸ਼ੇਖਰ ਯੂਕੇ ਨੇ ਦੱਸਿਆ ਕਿ ਟੂਰਨਾਮੈਂਟ ’ਚ ਫੁੱਟਬਾਲ ਓਪਨ ਕਲੱਬ ਦੀਆਂ 16 ਤੇ 50 ਕਿਲੋ ਵਰਗ ਦੀਆਂ 16 ਟੀਮਾਂ, ਵਾਲੀਬਾਲ ਦੀਆਂ 10 ਟੀਮਾਂ ਨੇ ਸ਼ਿਰਕਤ ਕੀਤੀ ਤੇ ਫੁਟਬਾਲ ਕਲੱਬ ਫਾਈਨਲ ਮੈਚ ਚ ਖਾਲਸਾ ਕਾਲਜ ਜਲੰਧਰ ਨੇ ਜੇਸੀਟੀ ਅਕੈਡਮੀ ਫਗਵਾੜਾ ਨੂੰ 2-1, ਫੁਟਬਾਲ 50 ਕਿਲੋ ਪਿੰਡ ਪੱਧਰ ’ਚ ਬੇਅੰਤ ਨਗਰ ਨੇ ਆਦਮਪੁਰ ਨੂੰ 1-0 ਤੇ ਵਾਲੀਬਾਲ ’ਚ ਜੋੜਾ ਦੀ ਟੀਮ ਨੇ ਆਦਮਪੁਰ ਨੂੰ ਹਰਾਇਆ। ਟੂਰਨਾਮੈਂਟ ਦੌਰਾਨ ਪਵਨ ਕੁਮਾਰ ਟੀਨੂੰ, ਗੁਰਦਿਆਲ ਸਿੰਘ ਨਿੱਝਰ, ਪ੍ਰਧਾਨ ਅਸ਼ੋਕ ਕੁਮਾਰ ਬਿੱਲਾ, ਚੇਅਰਮੈਨ ਚੰਦਰ ਸ਼ੇਖਰ ਯੂਕੇ ਤੇ ਹੋਰ ਪਤਵੰਤਿਆਂ ਨੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ, ਨੰਬਰਦਾਰ ਚਰਨਜੀਤ ਸਿੰਘ ਸ਼ੇਰੀ, ਦਲਜੀਤ ਸਿੰਘ ਭੱਟੀ, ਅਮਰੀਕ ਮਿੱਠਾ, ਸੋਹਣ ਲਾਲ ਕਾਕੂ, ਕਿਸ਼ਨ ਲਾਲ ਭੋਲਾ, ਲੈਕਚਰਾਰ ਗੁਰਿੰਦਰ ਸਿੰਘ, ਮਾਸਟਰ ਬ੍ਰਿਜ ਲਾਲ, ਮਾਸਟਰ ਜੁਗਲ ਕਿਸ਼ੋਰ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।