ਖਾਲਸਾ ਕਾਲਜ ਵੱਲੋਂ ਫੁਲਕਾਰੀ ਵਿਮੈੱਨਜ਼ ਅੰਮ੍ਰਿਤਸਰ ਨਾਲ ਸਮਝੌਤਾ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 2 ਜੂਨ
ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੇਨਿਊ ਨੇ ਫੁਲਕਾਰੀ-ਵਿਮੈਨਜ਼ ਆਫ਼ ਅੰਮ੍ਰਿਤਸਰ ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਵੱਖ-ਵੱਖ ਸਮਾਜਿਕ ਮੁੱਦਿਆਂ ਸਬੰਧੀ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਮਹੱਤਵ ਤਹਿਤ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਦਾ ਉਦੇਸ਼ ਵਿਦਿਅਕ ਮੌਕਿਆਂ ਨੂੰ ਵਧਾਉਣਾ, ਉੱਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਖੇਤਰ ਦੇ ਅੰਦਰ ਵੱਖ-ਵੱਖ ਸਮਾਜਿਕ-ਆਰਥਿਕ ਪਹਿਲਕਦਮੀਆਂ ਦਾ ਸਮਰਥਨ ਕਰਨਾ ਹੈ। ਸਹਿਮਤੀ ਪੱਤਰ ’ਤੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਫੁਲਕਾਰੀ-ਵਿਮੈਨਜ਼ ਆਫ਼ ਅੰਮ੍ਰਿਤਸਰ ਦੀ ਪ੍ਰਧਾਨ ਸ਼ੀਤਲ ਸੋਹਲ ਨੇ ਦਸਤਖਤ ਕੀਤੇ। ਡਾਇਰੈਕਟਰ ਡਾ. ਬਾਲਾ ਨੇ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਲਿੰਗ ਸੰਵੇਦਨਸ਼ੀਲਤਾ, ਨਸ਼ੇ ਦੀ ਦੁਰਵਰਤੋਂ, ਸਰਵਾਈਕਲ ਕੈਂਸਰ, ਮਾਨਸਿਕ ਸਿਹਤ ਤੇ ਸਫ਼ਾਈ, ਪੋਸ਼ਣ ਤੇ ਖੁਰਾਕ ਵਿਗਿਆਨ, ਲਿੰਗ ਸਮਾਨਤਾ ਅਤੇ ਹੋਰ ਵੱਖ-ਵੱਖ ਚੱਲ ਰਹੇ ਮਹੱਤਵਪੂਰਨ ਮੁੱਦਿਆਂ ਬਾਰੇ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਭਾਈਚਾਰੇ ’ਚ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਲਾਹੇਵੰਦ ਕਦਮ ਹੈ। ਇਸ ਮੌਕੇ ਮੀਤ ਪ੍ਰਧਾਨ ਮੀਨਾਕਸ਼ੀ ਖੰਨਾ, ਪ੍ਰਿਅੰਕਾ ਗੋਇਲ ਤੇ ਡਾ. ਮਾਲਤੀ ਪੁਰੀ ਆਦਿ ਹਾਜ਼ਰ ਸਨ।