ਖਾਲਸਾ ਕਾਲਜ ਵੱਲੋਂ ਕੈਂਪਸ ਵਿੱਚ ਕਿਊਆਰ ਕੋਡ ਲਾਂਚ
ਪੱਤਰ ਪ੍ਰੇਰਕ
ਜਲੰਧਰ, 3 ਅਕਤੂਬਰ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਕੈਂਪਸ ਹਰਿਆ ਭਰਿਆ ਹੈ। ਇੱਥੇ ਲੱਗੇ ਰੁੱਖਾਂ ਬਾਰੇ ਸਹੀ ਜਾਣਕਾਰੀ ਦੇਣ ਲਈ ਕੈਂਪਸ ਵਿੱਚ ਐਵੇਨਿਊ ਰੁੱਖਾਂ ਦੀ ਨੇਮ-ਪਲੇਟ ’ਤੇ ਥ੍ਰੀ ਕੋਡ ਫਿਕਸ ਕੀਤੇ ਗਏ ਹਨ। ਇਸ ਸਹੂਲਤ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਜਾਣਕਾਰੀ ਦੇਣ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾ ਕਿਊ.ਆਰ. ਕੋਡਾਂ ਨੂੰ ਗੂਗਲ ਲੈਂਸ ਦੁਆਰਾ ਸਕੈਨ ਕੀਤਾ ਜਾ ਸਕਦਾ ਹੈ ਤਾਂ ਜੋ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਪੌਦਿਆਂ ਦੇ ਔਸ਼ਧੀ ਗੁਣਾਂ, ਵਰਤੋਂ ਅਤੇ ਖੁਰਾਕ ਬਾਰੇ ਲਾਭਦਾਇਕ ਜਾਣਕਾਰੀ ਬਾਰੇ ਪੰਨੇ ਖੋਲ੍ਹੇ ਜਾ ਸਕਣ। ਪੌਦਿਆਂ ਦੀ ਚਿਕਿਤਸਕ ਉਪਯੋਗਤਾ ਬਾਰੇ ਜਾਣਨ ਲਈ ਉਤਸੁਕ ਕੋਈ ਵੀ ਵਿਅਕਤੀ ਇਸ ਸਹੂਲਤ ਦੀ ਵਰਤੋਂ ਕਰ ਸਕਦਾ ਹੈ।
ਉਨ੍ਹਾਂ ਨੇ ਡਾ. ਹੇਮਿੰਦਰ ਸਿੰਘ, ਬੋਟਨੀ ਵਿਭਾਗ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਲਾਗੂ ਕੀਤਾ। ਡਾ. ਹੇਮਿੰਦਰ ਸਿੰਘ ਨੇ ਦੱਸਿਆ ਕਿ ਬੀ.ਵਾਕ. ਸਾਫਟਵੇਅਰ ਡਿਵੈਲਪਮੈਂਟ, ਸੈਮਸਟਰ ਚੌਥਾ ਦੀ ਵਿਦਿਆਰਥਣ ਨੰਦਨੀ ਦੁਆਰਾ ਕਿਊ.ਆਰ ਕੋਡ ਤਿਆਰ ਕੀਤੇ ਗਏ ਹਨ।