ਖਾਲਸਾ ਅਕੈਡਮੀ ਨੇ ਜਿੱਤੀ ਨੈਸ਼ਨਲ ਹਾਕੀ ਚੈਂਪੀਅਨਸ਼ਿਪ
ਪੱਤਰ ਪ੍ਰੇਰਕ
ਜੈਂਤੀਪੁਰ 4 ਨਵੰਬਰ
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਕ ਦੇ ਹਾਕੀ ਖਿਡਾਰੀਆਂ ਨੇ ਸ੍ਰੀ ਭਵਨ ਭਾਰਤੀ ਪਬਲਿਕ ਸਕੂਲ ਭੋਪਾਲ ਵਿੱਚ ਕਰਵਾਈ ਗਈ ਸੀਬੀਐੱਸਈ ਨੈਸ਼ਨਲ ਹਾਕੀ ਚੈਂਪੀਅਨਸ਼ਿਪ 2024-25 ਵਿੱਚ ਅੰਡਰ 19 ਵਰਗ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਸਬੰਧੀ ਅਕੈਡਮੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੇ ਸੀਬੀਐੱਸਈ ਸਕੂਲਾਂ ਦੀਆਂ 9 ਜ਼ੋਨਾਂ ਦੀਆਂ ਜੇਤੂ ਟੀਮਾਂ ਵਿੱਚੋਂ 54 ਟੀਮਾਂ ਨੇ ਭਾਗ ਲਿਆ ਅਤੇ ਖਾਲਸਾ ਅਕੈਡਮੀ ਦੀ ਅੰਡਰ 19 ਹਾਕੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਮ ਕੀਤੀ। ਇਸੇ ਤਰ੍ਹਾਂ ਅੰਡਰ 17 ਵਰਗ ਦੇ ਹਾਕੀ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਉਨ੍ਹਾਂ ਹਾਕੀ ਕੋਚ ਬਲਜਿੰਦਰ ਸਿੰਘ ਵੱਲੋਂ ਕਰਵਾਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਅਕੈਡਮੀ ਪਹੁੰਚਣ ਤੇ ਜੇਤੂ ਟੀਮਾਂ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਦੀ ਰਸਮ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ,ਕੋਚ ਬਲਜਿੰਦਰ ਸਿੰਘ, ਮਨਮੀਤ ਸਿੰਘ ਤੇ ਹਰਜੀਤ ਕੌਰ ਨੇ ਸਾਂਝੇ ਤੌਰ ’ਤੇ ਅਦਾ ਕੀਤੀ।