ਖ਼ਾਲਿਸਤਾਨੀ ਵੱਖਵਾਦੀਆਂ ਨੇ ਕੈਨੇਡਾ ਦਾ ਮਾਹੌਲ ‘ਵਿਗਾੜਿਆ’
ਓਟਵਾ, 24 ਜੁਲਾਈ
ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰੀਆ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਇਕ ਵੀਡੀਓ ਦੇ ਹਵਾਲੇ ਨਾਲ ਕਿਹਾ ਕਿ ਕੈਨੇਡਾ ਉਨ੍ਹਾਂ ਦੀ ਧਰਤੀ ਹੈ ਤੇ ਹਿੰਦੂ ਭਾਈਚਾਰੇ ਨੇ ਦੇਸ਼ ਦੇ ਬਹੁ-ਸਭਿਆਚਾਰਕ ਤਾਣੇ-ਬਾਣੇ ਨੂੰ ਅਮੀਰ ਬਣਾਇਆ ਹੈ। ਉਨ੍ਹਾਂ ਖਾਲਿਸਤਾਨੀ ਵੱਖਵਾਦੀਆਂ ’ਤੇ ਕੈਨੇਡਾ ਦਾ ਮਾਹੌਲ ‘ਵਿਗਾੜਨ’ ਦਾ ਦੋਸ਼ ਲਾਇਆ। ਕਾਬਿਲੇਗੌਰ ਹੈ ਕਿ ਸਿੱਖਸ ਵਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਪੰਨੂ ਨੇ ਇਕ ਵੀਡੀਓ ਵਿਚ ਮੰਗ ਕੀਤੀ ਸੀ ਕਿ ਆਰੀਆ ਤੇ ਉਸ ਦੇ ਹਿੰਦੂ ਕੈਨੇਡੀਅਨ ਦੋਸ਼ ਭਾਰਤ ਮੁੜ ਜਾਣ। ਆਰੀਆ ਨੇ ਜ਼ੋਰ ਦੇ ਕੇ ਆਖਿਆ ਕਿ ਹਿੰਦੂ ਭਾਈਚਾਰੇ ਦੇ ਲੋਕ ਕੁੱਲ ਆਲਮ ਦੇ ਵੱਖ ਵੱਖ ਹਿੱਸਿਆਂ ਤੋਂ ਕੈਨੇਡਾ ਵਿਚ ਆਏ ਹਨ ਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ।
ਨੇਪੀਅਨ ਤੋਂ ਲਿਬਰਨ ਪਾਰਟੀ ਦੇ ਐੱਮਪੀ ਨੇ ਐਕਸ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਐਡਮੰਟਨ ਵਿਚ ਹਿੰਦੂ ਮੰਦਿਰ ਬੀਏਪੀਐੱਸ ਸਵਾਮੀਨਰਾਇਣ ਮੰਦਰ ਵਿਚ ਕੀਤੀ ਭੰਨਤੋੜ ਅਤੇ ਕੈਨੇਡਾ ਵਿਚ ਖਾਲਿਸਤਾਨੀ ਹਮਾਇਤੀਆਂ ਦੀਆਂ ਨਫ਼ਰਤੀ ਤੇ ਹੋਰ ਹਿੰਸਕ ਕਾਰਵਾਈਆਂ ਦੀ ਮੇਰੇ ਵੱਲੋਂ ਨਿਖੇਧੀ ਕੀਤੇ ਜਾਣ ਮਗਰੋਂ ਸਿੱਖਸ ਵਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰਕੇ ਮੇਰੇ ਤੇ ਮੇਰੇ ਕੁਝ ਹਿੰਦੂ-ਕੈਨੇਡੀਅਨ ਦੋਸਤਾਂ ਦੇ ਭਾਰਤ ਮੁੜ ਜਾਣ ਦੀ ਮੰਗ ਕੀਤੀ ਹੈ।’’ ਆਰੀਆ ਨੇ ਕਿਹਾ ਕਿ ਹਿੰਦੂ ਕੈਨੇਡੀਅਨ, ਜਿਨ੍ਹਾਂ ਦਾ ਹਿੰਦੂ ਸਭਿਆਚਾਰ ਤੇ ਵਿਰਾਸਤ ਦਾ ਲੰਮਾ ਇਤਿਹਾਸ ਰਿਹਾ ਹੈ, ਨੇ ਕੈਨੇਡਾ ਦੇ ਬਹੁ-ਸਭਿਆਚਾਰਕ ਤਾਣੇ-ਬਾਣੇ ਨੂੰ ਅਮੀਰ ਬਣਾਇਆ ਹੈ।’’ ਉਨ੍ਹਾਂ ਕੈਨੇਡਾ ਦਾ ਮਾਹੌਲ ‘ਵਿਗਾੜਨ’ ਲਈ ਖਾਲਿਸਤਾਨੀ ਕੱਟੜਵਾਦੀਆਂ ਨੂੰ ਜ਼ਿੰਮੇਵਾਰ ਦੱਸਿਆ। ਸੰਸਦ ਮੈਂਬਰ ਨੇ ਲਿਖਿਆ, ‘‘ਅਸੀਂ ਹਿੰਦੂ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਤੋਂ ਆਪਣੇ ਸ਼ਾਨਦਾਰ ਦੇਸ਼ ਕੈਨੇਡਾ ਵਿਚ ਆਏ ਹਾਂ। ਕੈਨੇਡਾ ਸਾਡੀ ਧਰਤੀ ਹੈ। ਅਸੀਂ ਕੈਨੇਡਾ ਦੇ ਸਮਾਜਿਕ-ਆਰਥਿਕ ਵਿਕਾਸ ਵਿਚ ਹਾਂਦਰੂ ਤੇ ਉਸਾਰੂ ਯੋਗਦਾਨ ਪਾਉਂਦੇ ਰਹਾਂਗੇ। ਹਿੰਦੂ ਸਭਿਆਚਾਰ ਤੇ ਵਿਰਾਸਤ ਦੇ ਆਪਣੇ ਲੰਮੇ ਇਤਿਹਾਸ ਨਾਲ ਅਸੀਂ ਕੈਨੇਡਾ ਦੇ ਬਹੁ-ਸਭਿਆਚਾਰਕ ਢਾਂਚੇ ਨੂੰ ਅਮੀਰ ਬਣਾਇਆ ਹੈ। ਕੈਨੇਡਾ ਵਿਚ ਦੇਸ਼ ਦੇ ਕਾਨੂੰਨ ਤਹਿਤ ਮਿਲੀ ਸਾਡੀ ਆਜ਼ਾਦੀ ਨੂੰ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਪਲੀਤ ਕੀਤਾ ਜਾ ਰਿਹਾ ਹੈ।’’ ਆਰੀਆ ਨੇ ਹਿੰਦੂ-ਕੈਨੇਡੀਅਨ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ’ਤੇ ਵੱਡਾ ਫ਼ਿਕਰ ਜਤਾਇਆ ਹੈ। ਆਰੀਆ ਨੇ ਕੈਨੇਡਾ ਵਿਚ ਖਾਲਿਸਤਾਨੀ ਕੱਟੜਵਾਦੀਆਂ ਨੂੰ ਮਿਲੀ ਲੋੜੋਂ ਵੱਧ ਆਜ਼ਾਦੀ ’ਤੇ ਵੀ ਉਜ਼ਰ ਜਤਾਇਆ। -ਏਐੱਨਆਈ