ਖਹਿਰਾ ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਬਣੇ
ਕੁਲਦੀਪ ਸਿੰਘ
ਚੰਡੀਗੜ੍ਹ, 18 ਸਤੰਬਰ
ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਅੱਜ ਸਮੂਹ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੂੰ ਸਰਬਸੰਮਤੀ ਨਾਲ ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਪੰਜਾਬ ਸਕੱਤਰੇਤ ਅਫਸਰ ਐਸੋਸੀਏਸ਼ਨ, ਸਕੱਤਰੇਤ ਸਟਾਫ ਐਸੋਸੀਏਸ਼ਨ, ਪਰਸੋਨਲ ਸਟਾਫ਼ ਐਸੋਸੀਏਸ਼ਨ, ਵਿੱਤੀ ਕਮਿਸ਼ਨਰ ਮਾਲ ਐਂਪਲਾਈਜ਼ ਐਸੋਸੀਏਸ਼ਨ, ਲੋਕ ਸੰਪਰਕ ਵਿਭਾਗ ਐਂਪਲਾਈਜ਼ ਐਸੋਸੀਏਸ਼ਨ, ਦਰਜਾ-4 ਯੂਨੀਅਨ, ਪ੍ਰਾਹੁਣਚਾਰੀ ਵਿਭਾਗ ਕਰਮਚਾਰੀ ਯੂਨੀਅਨ, ਡਰਾਈਵਰ ਯੂਨੀਅਨ ਦੇ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰ ਸ਼ਾਮਲ ਹੋਏ ਅਤੇ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ। ਮੀਟਿੰਗ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸਾਰੀਆਂ ਐਸੋਸੀਏਸ਼ਨਾਂ ਨੂੰ ਨੁਮਾਇੰਦਗੀ ਦਿੱਤੀ ਗਈ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਚੇਅਰਮੈਨ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੂੰ ਜੁਆਇੰਟ ਐਕਸ਼ਨ ਕਮੇਟੀ ਦਾ ਪ੍ਰਧਾਨ, ਪੰਜਾਬ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਰਮਦੀਪ ਸਿੰਘ ਭਬਾਤ ਨੂੰ ਸਰਪ੍ਰਸਤ, ਪੰਜਾਬ ਸਕੱਤਰੇਤ ਅਫ਼ਸਰ ਐਸੋਸੀਏਸ਼ਨ ਦੇ ਮਨਜੀਤ ਸਿੰਘ ਰੰਧਾਵਾ ਨੂੰ ਚੇਅਰਮੈਨ, ਵਿੱਤੀ ਕਮਿਸ਼ਨਰ ਮਾਲ ਐਂਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਨੂੰ ਵਾਈਸ ਚੇਅਰਮੈਨ, ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ (ਫੌਜੀ) ਨੂੰ ਕੋਆਰਡੀਨੇਟਰ, ਪਰਸੋਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਿੱਤ ਸਕੱਤਰ ਜਸਬੀਰ ਕੌਰ ਨੂੰ ਮੀਤ ਪ੍ਰਧਾਨ (ਮਹਿਲਾ), ਸਕੱਤਰੇਤ ਦਰਜਾ-4 ਐਸੋਸੀਏਸ਼ਨ ਦੇ ਚੇਅਰਮੈਨ ਬਲਰਾਜ ਸਿੰਘ ਦਾਊਂ ਨੂੰ ਮੀਤ ਪ੍ਰਧਾਨ (ਪੁਰਸ਼), ਵਿੱਤੀ ਕਮਿਸ਼ਨਰ ਮਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਲਕਾ ਚੋਪੜਾ ਨੂੰ ਜਨਰਲ ਸਕੱਤਰ, ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਵਿੱਤ ਸਕੱਤਰ ਮਿਥੁਨ ਚਾਵਲਾ ਨੂੰ ਵਿੱਤ ਸਕੱਤਰ, ਜਨਰਲ ਸਕੱਤਰ ਸਾਹਿਲ ਸ਼ਰਮਾ ਨੂੰ ਪ੍ਰੈੱਸ ਸਕੱਤਰ, ਪ੍ਰਾਹੁਣਚਾਰੀ ਵਿਭਾਗ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਬਜਰੰਗ ਯਾਦਵ ਨੂੰ ਸੰਗਠਨ ਸਕੱਤਰ ਅਤੇ ਵਿੱਤੀ ਕਮਿਸ਼ਨਰ ਮਾਲ ਦੇ ਕਾਰਜਕਾਰੀ ਮੈਂਬਰ ਪਰਮਿੰਦਰ ਸਿੰਘ ਨੂੰ ਦਫ਼ਤਰ ਸਕੱਤਰ ਚੁਣਿਆ ਗਿਆ।
ਇਸ ਮੌਕੇ ਬਲਕਾਰ ਸਿੰਘ, ਜਸਪ੍ਰੀਤ ਰੰਧਾਵਾ, ਗੁਰਪ੍ਰੀਤ ਸਿੰਘ, ਇੰਦਰਪ੍ਰੀਤ ਭੰਗੂ, ਬਲਜਿੰਦਰ ਪਾਲ ਸਿੰਘ, ਦਲਜੀਤ ਸਿੰਘ ਸਮੇਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ, ਜਿਨ੍ਹਾਂ ਨਵੇਂ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ। ਨਵੇਂ ਅਹੁਦੇਦਾਰਾਂ ਨੇ ਮੁਲਾਜ਼ਮ ਮੰਗਾਂ ਪੂਰੀਆਂ ਕਰਵਾਉਣ ਲਈ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਜਲਦੀ ਹੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।