ਖਡੂਰ ਸਾਹਿਬ: ਅੰਮ੍ਰਿਤਪਾਲ ਸਿੰਘ 1.97 ਲੱਖ ਵੋਟਾਂ ਨਾਲ ਜੇਤੂ
ਗੁਰਬਖਸ਼ਪੁਰੀ
ਤਰਨ ਤਾਰਨ, 4 ਜੂਨ
ਲੋਕ ਸਭਾ ਹਲਕਾ ਖਡੂਰ ਸਾਹਿਬ ਬਾਰੇ ਪਹਿਲਾਂ ਤੋਂ ਹੀ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ਅਨੁਸਾਰ ‘ਵਾਰਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਵੋਟਾਂ ਦੀ ਗਿਣਤੀ ਵਿੱਚ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਇਹ ਲੀਡ ਪੰਜਾਬ ਅੰਦਰ ਹੋਰਨਾਂ ਸਭਨਾਂ ਹਲਕਿਆਂ ਤੋਂ ਜ਼ਿਆਦਾ ਹੈ। ਉਹ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ਵਿਚ ਉਤਰਿਆ ਸੀ। ਅੰਮ੍ਰਿਤਪਾਲ ਸਿੰਘ ਨੂੰ 4,04,430 ਅਤੇ ਕੁਲਬੀਰ ਸਿੰਘ ਜ਼ੀਰਾ ਨੂੰ 2,07,310 ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ 1,94,836 ਵੋਟਾਂ ਲੈ ਕੇ ਤੀਸਰੇ, ਅਕਾਲੀ ਦਲ ਦਾ ਉਮੀਦਵਾਰ ਵਿਰਸਾ ਸਿੰਘ ਵਲਟੋਹਾ 86,416 ਵੋਟਾਂ ਲੈ ਕੇ ਚੌਥੇ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਉਮੀਦਵਾਰ ਮਨਜੀਤ ਸਿੰਘ ਮੰਨਾ 85,373 ਵੋਟਾਂ ਲੈ ਕੇ ਪੰਜਵੇਂ ਸਥਾਨ ’ਤੇ ਰਿਹਾ ਹੈ| ਇਸ ਲੋਕ ਸਭਾ ਸੀਟ (ਪਹਿਲਾਂ ਤਰਨ ਤਾਰਨ) ’ਤੇ ਕਈ ਵਾਰ ਕਾਬਜ਼ ਰਹੇ ਅਕਾਲੀ ਦਲ ਦੇ ਉਮੀਦਵਾਰ ਅਤੇ ਪਾਰਟੀ ਦੇ ਇਕ ਵੇਲੇ ਦੇ ਸਹਿਯੋਗੀ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਆਪਣੀ ਜ਼ਮਾਨਤ ਤੱਕ ਵੀ ਨਹੀਂ ਬਚਾਅ ਸਕੇ। ਅੰਮ੍ਰਿਤਪਾਲ ਸਿੰਘ ਇਸ ਲੋਕ ਸਭਾ ਹਲਕੇ ਦੇ ਸਾਰੇ ਨੌਂ ਹਲਕਿਆਂ ਖਡੂਰ ਸਾਹਿਬ, ਤਰਨ ਤਾਰਨ, ਪੱਟੀ, ਖੇਮਕਰਨ, ਜ਼ੀਰਾ, ਬਾਬਾ ਬਕਾਲਾ, ਜੰਡਿਆਲਾ ਗੁਰੂ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਵਿਚ ਵਿਰੋਧੀਆਂ ਖ਼ਿਲਾਫ਼ ਬਰਾਬਰ ਰਿਹਾ। ਹਲਕੇ ਦੀਆਂ ਕੁੱਲ 16,51,346 ਵੋਟਾਂ ਵਿੱਚੋਂ 10,43,348 ਵੋਟਾਂ ਭੁਗਤੀਆਂ। ‘ਵਾਰਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਨੂੰ ਉਸ ਦੇ ਜੱਦੀ ਹਲਕਾ ਪੱਟੀ ਤੋਂ, ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਉਸ ਦੇ ਜੱਦੀ ਵਿਧਾਨ ਸਭਾ ਹਲਕਾ ਜ਼ੀਰਾ ਤੋਂ, ਵਿਰਸਾ ਸਿੰਘ ਵਲਟੋਹਾ ਨੂੰ ਉਸ ਦੇ ਜੱਦੀ ਹਲਕਾ ਖੇਮਕਰਨ ਤੋਂ ਅਤੇ ਭਾਜਪਾ ਦੇ ਮਨਜੀਤ ਸਿੰਘ ਮੰਨਾ ਨੂੰ ਉਸ ਦੇ ਜੱਦੀ ਹਲਕਾ ਬਾਬਾ ਬਕਾਲਾ ਤੋਂ ਵੀ ਵੋਟਾਂ ਦੇ ਚੋਖੇ ਅੰਤਰ ਨਾਲ ਪਛਾੜਿਆ।