ਕੇਰਲਾ: ਕਾਂਗਰਸ ਨਾਲ ਸਬੰਧਤ ਨਿਊਜ਼ ਚੈਨਲ ਵੱਲੋਂ ਖਾਤੇ ਜਾਮ ਹੋਣ ਦਾ ਦਾਅਵਾ
ਤਿਰੂਵਨੰਤਪੁਰਮ, 17 ਫਰਵਰੀ
ਆਮਦਨ ਕਰ ਵਿਭਾਗ ਵੱਲੋਂ ਕਾਂਗਰਸ ਦੇ ਮੁੱਖ ਬੈਂਕ ਖਾਤੇ ਜਾਮ ਕਰਨ ਦੇ ਇੱਕ ਦਿਨ ਬਾਅਦ ਅੱਜ ਕੇਰਲਾ ਵਿੱਚ ਕਾਂਗਰਸ ਦੇ ਸਮਰਥਨ ਵਾਲੇ ਜੈਹਿੰਦ ਟੀਵੀ ਦੀ ਮੈਨਜਮੈਂਟ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਉਸ ਦੇ ਬੈਂਕ ਖਾਤੇ ਜਾਮ (ਫਰੀਜ਼) ਕਰ ਦਿੱਤੇ ਹਨ। ਟੀਵੀ ਚੈਨਲ ਦੇ ਸੂਤਰਾਂ ਮੁਤਾਬਕ ਤਿਰੂਵੰਨਤਪੁਰਮ ’ਚ ਕੇਦਰੀ ਜੀਐੱਸਟੀ ਅਤੇ ਕੇਂਦਰੀ ਐਕਸਾਈਜ਼ ਦਫ਼ਤਰ ਦੇ ਸਹਾਇਕ ਕਮਿਸ਼ਨਰ ਨੇ ਦੋ ਮੁੱਖ ਨਿੱਜੀ ਬੈਂਕਾਂ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਵੱਲੋਂ ਨਿਊਜ਼ ਚੈਨਲ ਦੀ ਮੂਲ ਕੰਪਨੀ ਭਾਰਤ ਬਰਾਡਕਾਸਟਿੰਗ ਕੰਪਨੀ ਤੋਂ ਕੇਂਦਰ ਸਰਕਾਰ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਦੀ ਵਸੂਲੀ ਦੇ ਨਿਰਦੇਸ਼ ਦਿੰਦਿਆਂ ਉਸ ਦੇ ਖਾਤੇ ਜਾਮ ਕਰ ਦਿੱਤੇ ਗਏ। ਸੂਤਰਾਂ ਨੇ ਇਹ ਕਾਰਵਾਈ ਸੇਵਾ ਕਰ ਬਕਾਏ ਸਬੰਧੀ ਸੱਤ ਸਾਲ ਪੁਰਾਣੇ ਕੇਸ ’ਚ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜੈਹਿੰਦ ਟੀਵੀ ਹਾਲ ਹੀ ’ਚ ਸੁਰਖੀਆਂ ’ਚ ਆਇਆ ਸੀ ਜਦੋਂ ਸੀਬੀਆਈ ਨੇ ਕਾਂਗਰਸੀ ਨੇਤਾ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਇੱਕ ਨੋਟਿਸ ਜਾਰੀ ਕਰ ਕੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵੱਲੋਂ ਚੈਨਲ ’ਚ ਕੀਤੇ ਨਿਵੇਸ਼ ਦੇ ਵੇਰਵੇ ਮੰਗੇ ਸਨ। ਚੈਨਲ ਦੇ ਮੈਨੇਜਿੰਗ ਡਾਇਰੈਕਟਰ ਬੀ.ਐੱਸ. ਸ਼ਿਜੂ ਨੇ ਕਿਹਾ ਕਿ ਆਮਦਨ ਕਰ ਅਧਿਕਾਰੀਆਂ ਦੀ ਕਾਰਵਾਈ ਪੂਰੀ ‘ਅਣਕਿਆਸੀ’ ਹੈ ਅਤੇ ਉਹ ਵੀ ਉਸ ਸਮੇਂ ਜਦੋਂ ਇਸ ਸਬੰਧੀ ਕੇਸ ਹਾਈ ਕੋਰਟ ਵਿੱਚ ਪੈਂਡਿੰਗ ਹੈ। ਸ਼ਿਜੂ ਮੁਤਾਬਕ, ‘‘ਅਚਾਨਕ ਕੀਤੀ ਗਈ ਕਾਰਵਾਈ ਅਸਲ ਵਿੱਚ ਮੰਦਭਾਗੀ ਹੈ ਅਤੇ ਇਸ ਨੇ ਚੈਨਲ ਲਈ ਸੰਕਟ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ।’’ ਸ਼ਿਜੂ ਨੇ ਆਖਿਆ ਕਿ ਚੈਨਲ ਨੂੰ ਲੰਘੇ ਸਾਲ 22 ਦਸੰਬਰ ਨੂੰ ਇੱਕ ਨੋਟਿਸ ਮਿਲਿਆ ਸੀ ਜਿਸ ਰਾਹੀਂ ਸ਼ਿਵਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਚੈਨਲ ’ਚ ਕੀਤੇ ਗਏ ਨਿਵੇਸ਼ ਦੇ ਵੇਰਵੇ ਮੰਗੇ ਗਏ ਸਨ। ਸ਼ਿਜੂ ਮੁਤਾਬਕ, ‘‘ਅਸੀ ਇਸ ਸਬੰਧੀ ਜਾਂਚ ਏਜੰਸੀ ਨੂੰ ਸਹਿਯੋਗ ਕਰ ਰਹੇ ਹਾਂ। ਪਰ ਇਸ ਮਗਰੋਂ ਸਾਨੂੰ ਵੱਖ-ਵੱਖ ਕੇਂਦਰੀ ਵਿਭਾਗਾਂ ਤੇ ਏਜੰਸੀਆਂ ਵੱਲੋਂ ਅੱਧੀ ਦਰਜਨ ਨੋਟਿਸ ਮਿਲੇ।’’ -ਪੀਟੀਆਈ