ਕੇਰਲਾ: ਵਾਇਨਾਡ ਵਿਚ ਢਿੱਗਾਂ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 167 ਹੋਈ; 191 ਹਾਲੇ ਵੀ ਲਾਪਤਾ
ਕੇਰਲਾ, 31 ਜੁਲਾਈ
ਉੱਤਰੀ ਕੇਰਲਾ ਦੇ ਵਾਇਨਾਡ ਵਿਚ ਢਿੱਗਾਂ ਖਿਸਕਣ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 167 ਹੋ ਗਈ ਹੈ ਜਦਕਿ 191 ਲੋਕ ਹਾਲੇ ਵੀ ਲਾਪਤਾ ਹਨ। ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਵਾਇਨਾਡ ਦੇ ਢਿੱਗਾਂ ਖਿਸਕਣ ਪ੍ਰਭਾਵਿਤ ਵੱਖ-ਵੱਖ ਖੇਤਰਾਂ ਵਿੱਚ 5500 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ, ਜਦੋਂਕਿ ਅੱਠ ਹਜ਼ਾਰ ਤੋਂ ਵੱਧ ਲੋਕਾਂ ਨੂੰ 82 ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਲਈ ਜਾਰੀ ਰਾਹਤ ਕਾਰਜਾਂ ਦੇ ਚਲਦਿਆਂ ਮਰਨ ਵਾਲਿਆਂ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਮੁੰਡਕਾਈ ਅਤੇ ਚੂਰਲਮਾਲਾ ਖੇਤਰਾਂ ’ਚ ਢਿੱਗਾਂ ਖਿਸਕਣ ਕਾਰਨ 300 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਪ੍ਰਭਾਵਿਤ ਜਗ੍ਹਾ ’ਤੇ ਆਰਮੀ, ਨੇਵੀ ਅਤੇ ਐਨਡੀਆਰਐਫ ਦੀਆਂ ਬਚਾਅ ਟੀਮਾਂ ਮਲਬੇ ਨੂੰ ਹਟਾਉਂਦਿਆਂ ਮਿੱਟੀ ਹੇਠ ਦਬੇ ਘਰਾਂ ਦੀਆਂ ਇਮਾਰਤਾਂ ਨੂੰ ਤੋੜ ਕੇ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। -ਪੀਟੀਆਈ