ਕੇਜਰੀਵਾਲ ਦਾ ਦਸ ਰੋਜ਼ਾ ਧਿਆਨ ਸੈਸ਼ਨ ਖ਼ਤਮ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਦਸੰਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਸ ਰੋਜ਼ਾ ਵਿਪਾਸਨਾ ਧਿਆਨ ਯੋਗ ਅੱਜ ਖਤਮ ਹੋ ਗਿਆ ਅਤੇ ਭਲਕੇ ਉਹ ਦਿੱਲੀ ਰਵਾਨਾ ਹੋ ਜਾਣਗੇ। ਕੇਜਰੀਵਾਲ ਇੱਥੇ ਸ਼ਹਿਰ ਨੇੜੇ ਆਨੰਦਗੜ੍ਹ ਵਿਖੇ ਸਥਿਤ ਵਿਪਾਸਨਾ ਕੇਂਦਰ ਵਿੱਚ ਮੈਡੀਟੇਸ਼ਨ ਕੋਰਸ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਆਉਣ ’ਤੇ ਉਨ੍ਹਾਂ ਦਾ ਆਪ ਸਵਾਗਤ ਕੀਤਾ ਸੀ ਅਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਉਹ ਉਚੇਚੇ ਤੌਰ ’ਤੇ ਇੱਥੇ ਪੁੱਜ ਗਏ ਹਨ। ਅੱਜ ਬਾਅਦ ਦੁਪਹਿਰ ਭਗਵੰਤ ਮਾਨ ਚੌਹਾਲ ਦੇ ਜੰਗਲਾਤ ਰੈਸਟ ਹਾਊਸ ਵਿੱਚ ਪਹੁੰਚ ਗਏ। ਸੂਤਰਾਂ ਅਨੁਸਾਰ ਮੈਡੀਟੇਸ਼ਨ ਖਤਮ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਲਈ ਉਹ ਪਹੁੰਚਣਗੇ ਅਤੇ ਦੋਵੇਂ ਆਗੂ ਭਲਕੇ ਹੈਲੀਕਾਪਟਰ ’ਤੇ ਪੁਲੀਸ ਰੰਗਰੂਟ ਸਿਖਲਾਈ ਸੈਂਟਰ ਜਹਾਨਖੇਲਾਂ ਤੋਂ ਆਦਮਪੁਰ ਹਵਾਈ ਅੱਡੇ ਲਈ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਵਿਪਾਸਨਾ ਕੇਂਦਰ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਹਨ ਅਤੇ ਪੁਲੀਸ ਅਧਿਕਾਰੀਆਂ ਦਾ ਆਉਣਾ ਜਾਣਾ ਵੀ ਲੱਗਿਆ ਰਿਹਾ ਹੈ। ਉਧਰ, ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਜਰੀਵਾਲ ਨੂੰ 3 ਜਨਵਰੀ ਲਈ ਫ਼ਿਰ ਤੋਂ ਸੰਮਨ ਭੇਜੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਲੀ ਦੀ ਆਬਕਾਰੀ ਨੀਤੀ ਦੇ ਸਬੰਧ ਵਿੱਚ ਪਹਿਲਾਂ 2 ਨਵੰਬਰ ਨੂੰ ਸੱਦਿਆ ਸੀ ਅਤੇ ਫ਼ਿਰ 21 ਦਸੰਬਰ ਨੂੰ ਸੰਮਨ ਕੀਤਾ ਸੀ ਪਰ ਦੋਵੇਂ ਵਾਰੀ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ।