ਕੇਜਰੀਵਾਲ ਦਾ ਮੋਦੀ ’ਤੇ ਨਿਸ਼ਾਨਾ, ਆਰਐੱਸਐੱਸ ਨੂੰ ਕੀਤੇ 5 ਸਵਾਲ
ਨਵੀਂ ਦਿੱਲੀ, 22 ਸਤੰਬਰ
Kejriwal's 5 questions to RSS: ਇਕ ਨਵੀਂ ਸਿਆਸੀ ਰਣਨੀਤੀ ਅਖ਼ਤਿਆਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਸਬੰਧੀ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਨੂੰ ਪੰਜ ਸਵਾਲ ਕੀਤੇ। ਜ਼ਾਹਰਾ ਤੌਰ ’ਤੇ ਇਨ੍ਹਾਂ ਦਾ ਮਕਸਦ ਮੋਦੀ ਦੇ ਬਣੇ ਹੋਏ ਕੱਦ ਨੂੰ ਘਟਾਉਂਦਿਆਂ ਇਹ ਦਿਖਾਉਣਾ ਹੈ ਕਿ ਅਸਲੀ ਤਾਕਤ ਹਿੰਦੂਤਵੀ ‘ਮਾਂ’ ਸੰਸਥਾ ਭਾਵ ਆਰਐੱਸਐੱਸ ਦੇ ਹੱਥ ਵਿਚ ਹੈ, ਜਿਸ ਨੇ ਉਨ੍ਹਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ।
ਉਨ੍ਹਾਂ ਇਥੇ ਇਕ ਰੈਲੀ ਦੌਰਾਨ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੂੰ 5 ਸਵਾਲ ਦਾਗ਼ਦਿਆਂ ਪੁੱਛਿਆ, ‘‘ਕੀ ਪੁੱਤ ਇੰਨਾ ਵੱਡਾ ਹੋ ਗਿਆ ਹੈ ਕਿ ਉਹ ਆਪਣੀ ਮਾਂ ਨੂੰ ਵੀ ਆਕੜ ਦਿਖਾ ਰਿਹਾ ਹੈ।’’ ਉਨ੍ਹਾਂ ਦੇ ਇਹ ਸਵਾਲ ਸਿਆਸੀ ਤੌਰ ’ਤੇ ਤਾਂ ਨਰਮੀ ਵਾਲੇ ਹਨ ਪਰ ਇਨ੍ਹਾਂ ਰਾਹੀਂ ਜਿਸ ਤਰ੍ਹਾਂ ਭਾਗਵਤ ਨੂੰ ਨਵੇਂ ਸਿਆਸੀ ਬਿਰਤਾਂਤ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਆਸਾਧਾਰਨ ਤੇ ਨਵੀਂ ਹੈ।
ਕੇਜਰੀਵਾਲ ਜਾਨਣਾ ਚਾਹੁੰਦੇ ਸਨ ਕਿ ਕੀ ਵਿਰੋਧੀ ਪਾਰਟੀਆਂ ਤੇ ਉਨ੍ਹਾਂ ਦੀਆਂ ਸਰਕਾਰਾਂ ਨੂੰ ਤੋੜਨ ਅਤੇ ‘ਭ੍ਰਿਸ਼ਟ’ ਆਗੂਆਂ ਨੂੰ ਆਪਣੇ ਨਾਲ ਰਲਾਉਣ ਵਾਸਤੇ ਕੇਂਦਰੀ ਏਜੰਸੀਆਂ ਦੀ ਵਰਤੋਂ ਦੀਆਂ ਭਾਜਪਾ ਦੀਆਂ ਨੀਤੀਆਂ ਨਾਲ ਆਰਐੱਸਐੱਸ ਦੀ ਸਹਿਮਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਇਥੇ ਜੰਤਰ-ਮੰਤਰ ਵਿਖੇ ‘ਜਨਤਾ ਕੀ ਅਦਾਲਤ’ ਤਹਿਤ ਆਪਣੀ ਪਹਿਲੀ ਜਨਤਕ ਇਕੱਤਰਤਾ ਵਿਚ ਕੇਜਰੀਵਾਲ ਨੇ ਇਹ ਸਵਾਲ ਵੀ ਕੀਤਾ ਕਿ ਕੀ ਰਿਟਾਇਰਮੈਂਟ ਦੀ ਉਮਰ ਬਾਰੇ ਭਾਗਵਤ ਦੇ ਨਿਯਮ ਉਵੇਂ ਹੀ ਮੋਦੀ ਉਤੇ ਵੀ ਲਾਗੂ ਹੋਣਗੇ ਜਿਵੇਂ ਅਡਵਾਨੀ ਉਤੇ ਕੀਤੇ ਗਏ।
ਇਕ ਹੋਰ ਸਖ਼ਤ ਸਵਾਲ ਵਿਚ ਉਨ੍ਹਾਂ ਪੁੱਛਿਆ ਕਿ ਜਦੋਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਸੀ ਕਿ ਭਾਜਪਾ ਨੂੰ ਹੁਣ ਆਰਐੱਸਐੱਸ ਦੀ ਲੋੜ ਨਹੀਂ ਹੈ, ਤਾਂ ਭਾਗਵਤ ਨੂੰ ਕਿਵੇਂ ਮਹਿਸੂਸ ਹੋਇਆ।
ਉਨ੍ਹਾਂ ਕਿਹਾ, ‘‘ਆਰਐੱਸਐੱਸ ਅਤੇ ਭਾਜਪਾ ਨੇ ਨਿਯਮ ਬਣਾਇਆ ਹੈ ਕਿ ਹਰੇਕ ਆਗੂ ਨੂੰ 75 ਸਾਲਾਂ ਦੀ ਉਮਰ ਵਿਚ ਰਿਟਾਇਰ ਕੀਤਾ ਜਾਵੇਗਾ। ਇਸ ਨੇਮ ਤਹਿਤ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਰਾਜ ਮਿਸ਼ਰਾ ਵਰਗੇ ਤੇ ਹੋਰਨਾਂ ਆਗੂਆਂ ਨੂੰ ਰਿਟਾਇਰ ਕੀਤਾ ਗਿਆ। ਹੁਣ (ਗ੍ਰਹਿ ਮੰਤਰੀ) ਅਮਿਤ ਸ਼ਾਹ ਕਹਿੰਦੇ ਹਨ ਕਿ ਇਹ ਨਿਯਮ ਮੋਦੀ ਜੀ ਉਤੇ ਲਾਗੂ ਨਹੀਂ ਹੁੰਦਾ।’’
ਜਦੋਂ ਕੇਜਰੀਵਾਲ ਇਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਜੰਤਰ-ਮੰਤਰ ਤੋਂ ਮਹਿਜ਼ ਇਕ ਕਿਲੋਮੀਟਰ ਦੂਰ ਕਨਾਟ ਪਲੇਸ ਵਿਚ ਭਾਜਪਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ‘ਆਪ’ ਖ਼ਿਲਾਫ਼ ਮੁਜ਼ਾਹਰਾ ਕੀਤਾ। -ਪੀਟੀਆਈ