ਕੇਜਰੀਵਾਲ ਦਾ ਨਿੱਜੀ ਸਹਾਇਕ ਬਿਭਵ ਕੁਮਾਰ ਬਰਖ਼ਾਸਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਸ਼ਰਾਬ ਨੀਤੀ ਨਾਲ ਸਬੰਧਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਸ ਦੇ ਨਿੱਜੀ ਸਹਾਇਕ ਬਿਭਵ ਕੁਮਾਰ ਖ਼ਿਲਾਫ਼ ਕਾਰਵਾਈ ਕਰਦਿਆਂ ਸੇਵਾਵਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਵਿਜੀਲੈਂਸ ਨੇ ਬਿਭਵ ਕੁਮਾਰ ਵਿਰੁੱਧ ਇਹ ਕਾਰਵਾਈ 2007 ਦੇ ਇੱਕ ਕੇਸ ਵਿੱਚ ਕੀਤੀ ਹੈ ਜਿਸ ਵਿੱਚ ਉਸ ਉੱਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਸ਼ਿਕਾਇਤਕਰਤਾ ਨਾਲ ਦੁਰਵਿਹਾਰ ਜਾਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਸਨ। ਵਿਜੀਲੈਂਸ ਵਿਭਾਗ ਨੇ ਬਰਖ਼ਾਸਤਗੀ ਦਾ ਕਾਰਨ ਬਿਭਵ ਕੁਮਾਰ ਖ਼ਿਲਾਫ਼ ਦਰਜ ਐੱਫਆਈਆਰ ਨੂੰ ਦੱਸਿਆ ਹੈ। ਇਹ ਮਾਮਲਾ 2007 ਵਿੱਚ ਨੋਇਡਾ ਅਥਾਰਟੀ ਵਿੱਚ ਤਾਇਨਾਤ ਮਹੇਸ਼ ਪਾਲ ਨਾਮਕ ਵਿਅਕਤੀ ਨੇ ਦਰਜ ਕਰਵਾਇਆ ਸੀ। ਇਸ ਵਿਚ ਦੋਸ਼ ਹੈ ਕਿ ਬਿਭਵ ਕੁਮਾਰ ਨੇ ਤਿੰਨ ਹੋਰਾਂ ਨਾਲ ਮਿਲ ਕੇ ਸ਼ਿਕਾਇਤਕਰਤਾ, ਇਕ ਸਰਕਾਰੀ ਸੇਵਕ ਨੂੰ ਆਪਣੀ ਡਿਊਟੀ ਕਰਨ ਤੋਂ ਕਥਿਤ ਤੌਰ ’ਤੇ ਰੋਕਿਆ ਅਤੇ ਉਸ ਨੂੰ ਧਮਕਾਇਆ। ਜ਼ਿਕਰਯੋਗ ਹੈ ਕਿ ਆਬਕਾਰੀ ਨੀਤੀ ਘਪਲੇ ਦੇ ਮਾਮਲੇ ’ਚ 8 ਅਪਰੈਲ ਨੂੰ ਈਡੀ ਨੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਅਤੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੂੰ ਤੁਗਲਕ ਰੋਡ ਸਥਿਤ ਹੈੱਡਕੁਆਰਟਰ ’ਤੇ ਸੱਦ ਕੇ ਕਰੀਬ 6 ਘੰਟੇ ਤੱਕ ਪੁੱਛ-ਪੜਤਾਲ ਕੀਤੀ ਸੀ।