For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਹਰਿਆਣਾ ਨੂੰ ‘ਕੇਜਰੀਵਾਲ ਦੀਆਂ ਪੰਜ ਗਾਰੰਟੀਆਂ’

07:13 AM Jul 21, 2024 IST
‘ਆਪ’ ਵੱਲੋਂ ਹਰਿਆਣਾ ਨੂੰ ‘ਕੇਜਰੀਵਾਲ ਦੀਆਂ ਪੰਜ ਗਾਰੰਟੀਆਂ’
ਸੰਜੇ ਸਿੰਘ, ਸੁਨੀਤਾ ਕੇਜਰੀਵਾਲ ਤੇ ਭਗਵੰਤ ਮਾਨ ਗਾਰੰਟੀਆਂ ਦਾ ਐਲਾਨ ਕਰਦੇ ਹੋਏ। -ਫੋਟੋ: ਨਿਤਿਨ ਮਿੱਤਲ
Advertisement

ਪੀਪੀ ਵਰਮਾ/ਪੀਟੀਆਈ
ਚੰਡੀਗੜ੍ਹ/ਪੰਚਕੂਲਾ, 20 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਚੋਣ ਅਧਾਰਿਤ ਸੂਬੇ ਹਰਿਆਣਾ ਲਈ ‘ਕੇਜਰੀਵਾਲ ਦੀਆਂ ਪੰਜ ਗਾਰੰਟੀਆਂ’ ਦਾ ਐਲਾਨ ਕੀਤਾ। ਇਨ੍ਹਾਂ ਗਾਰੰਟੀਆਂ ਵਿੱਚ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਮੁਫ਼ਤ ਸਿੱਖਿਆ, ਸੂਬੇ ਦੀ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸ਼ਾਮਲ ਹੈ। ਇਸ ਸਾਲ ਦੇ ਅੰਤ ’ਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਚਕੂਲਾ ’ਚ ਕੇਜਰੀਵਾਲ ਦੀਆਂ ਪੰਜ ਗਾਰੰਟੀਆਂ ਦੇ ਐਲਾਨ ਸਮੇਂ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਸੀਨੀਅਰ ਆਗੂ ਸੰਦੀਪ ਪਾਠਕ ਵੀ ਹਾਜ਼ਰ ਸਨ। ਇੱਥੋਂ ਦੇ ਇੰਦਰਧਨੁਸ਼ ਸਟੇਡੀਅਮ ’ਚ ਕਰਵਾਏ ਗਏ ਸਮਾਗਮ ਦੌਰਾਨ ਹਰਿਆਣਾ ਵਿਧਾਨ ਸਭਾ ਚੋਣਾਂ ’ਚ ‘ਆਪ’ ਲਈ ਲੋਕਾਂ ਤੋਂ ਹਮਾਇਤ ਮੰਗਦਿਆਂ ਸੁਨੀਤਾ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਅਤੇ ਉਨ੍ਹਾਂ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਡੱਕਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਮੋਦੀ) ਉਨ੍ਹਾਂ (ਕੇਜਰੀਵਾਲ) ਦੇ ਕੰਮਾਂ ਤੋਂ ਈਰਖਾ ਕਰਦੇ ਹਨ। ਆਪਣੇ ਪਤੀ ਨੂੰ ‘ਹਰਿਆਣਾ ਦਾ ਲਾਲ’ ਕਰਾਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇੱਕ ਵੀ ਸੀਟ ਭਾਜਪਾ ਨੂੰ ਨਹੀਂ ਮਿਲਣੀ ਚਾਹੀਦੀ। ਸੁਨੀਤਾ ਨੇ ਕਿਹਾ ਕਿ ਇਹ ਕੇਜਰੀਵਾਲ ਬਾਰੇ ਨਹੀਂ ਹੈ ਬਲਕਿ ਇਹ ਹਰਿਆਣਾ ਦੇ ਸਨਮਾਨ ਬਾਰੇ ਹੈ। ਕੇਜਰੀਵਾਲ ਦੀ ਗਾਰੰਟੀ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਈ ਤਾਂ ਘਰੇਲੂ ਸ਼੍ਰੇਣੀ ਲਈ ਮੁਫ਼ਤ ਬਿਜਲੀ ਹੋਵੇਗੀ ਅਤੇ ਸੂਬੇ ’ਚ 24 ਘੰਟੇ ਬਿਜਲੀ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਤੇ ਪੰਜਾਬ ਦੀ ਤਰ੍ਹਾਂ ਹਰਿਆਣਾ ’ਚ ਵੀ ਮੁਹੱਲਾ ਕਲੀਨਿਕ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਸਥਿਤੀ ’ਚ ਵੀ ਸੁਧਾਰ ਕੀਤਾ ਜਾਵੇਗਾ ਜਿੱਥੇ ਚੰਗੀ ਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘ਹਰ ਮਹਿਲਾ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਮਿਲਣਗੇ।’ ਉਨ੍ਹਾਂ ਕਿਹਾ ਕਿ ਇਸ ਨੂੰ ਜਲਦੀ ਹੀ ਦਿੱਲੀ ਤੇ ਪੰਜਾਬ ’ਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦੇਵੇਗੀ। ਉਨ੍ਹਾਂ ‘ਸਿੱਖਿਆ ਮਾਫੀਆ’ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੇ ਇਹ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ ਕਿ ਕੇਜਰੀਵਾਲ ਇੱਕ ਦਿਨ ਦੇਸ਼ ਦੀ ਰਾਜਧਾਨੀ ’ਚ ਰਾਜ ਕਰਨਗੇ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਹਸਪਤਾਲਾਂ ਤੇ ਸਕੂਲਾਂ ਦੀ ਹਾਲਤ ਸੁਧਾਰੀ, ਮੁਹੱਲਾ ਕਲੀਨਿਕ ਖੋਲ੍ਹੇ ਤੇ ਮੁਫ਼ਤ ਬਿਜਲੀ ਦਿੱਤੀ। ਉਨ੍ਹਾਂ ਦੋਸ਼ ਲਾਇਆ, ‘ਅਜਿਹੇ ਕੰਮ ਸਿਰਫ਼ ‘ਹਰਿਆਣਾ ਦਾ ਲਾਲ’ ਹੀ ਕਰ ਸਕਦਾ ਹੈ। ਇਸ ਕਾਰਨ ਮੋਦੀ ਉਨ੍ਹਾਂ ਨਾਲ ਈਰਖਾ ਕਰਦੇ ਹਨ। ਉਹ ਅਜਿਹੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਦੇ ਕੰਮ ਰੋਕਣ ਲਈ ਮੋਦੀ ਨੇ ਕੇਜਰੀਵਾਲ ਨੂੰ ਫਰਜ਼ੀ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ।’
ਸਮਾਗਮ ਦੌਰਾਨ ਸੰਜੇ ਸਿੰਘ ਨੇ ਕਿਹਾ ਕਿ ਇਹ ਲੜਾਈ ਸੱਚ ਅਤੇ ਝੂਠ ਵਿਚਕਾਰ ਹੈ। ਇਹ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੈ ਅਤੇ ਅਰਵਿੰਦ ਕੇਜਰੀਵਾਲ ਉਹ ਵਿਅਕਤੀ ਹਨ ਜੋ ਜਿਹੜੇ ਵਾਅਦੇ ਕਰਦੇ ਹਨ, ਉਸ ਤੋਂ ਵੱਧ ਪੂਰੇ ਕਰਦੇ ਹਨ ਤੇ ਦਿੱਲੀ ਇਸ ਦੀ ਮਿਸਾਲ ਹੈ।
ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਡਾ. ਸੁਸ਼ੀਲ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਤੇ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।

Advertisement

ਰਾਜਨੀਤੀ ਸਾਡੇ ਲਈ ਵਪਾਰ ਨਹੀਂ: ਭਗਵੰਤ ਮਾਨ


ਮੁੱਖ ਮੰਤਰੀ ਭਗਵੰਤ ਮਾਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਨਿਤਿਨ ਮਿੱਤਲ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਜਨਤਾ ਦੀ ਸੇਵਾ ਕਰਨ ਲਈ ਇਨਕਮ ਟੈਕਸ ਵਿਭਾਗ ਦੀ ਨੌਕਰੀ ਛੱਡ ਦਿੱਤੀ। ਉਨ੍ਹਾਂ ਕਿਹਾ, ‘ਅਸੀਂ ਰਾਜਨੀਤੀ ਨੂੰ ਵਪਾਰ ਨਹੀਂ ਸਮਝਦੇ, ਇਹ ਕਿੱਤਾ ਨਹੀਂ ਸਗੋਂ ਜਨੂੰਨ ਹੈ। ਜੇਕਰ ਦੂਜੀਆਂ ਪਾਰਟੀਆਂ ਦੇ ਆਗੂ ਸਹੀ ਸਨ ਤਾਂ ਸਾਨੂੰ ਪਾਰਟੀ ਬਣਾਉਣ ਦੀ ਕੋਈ ਲੋੜ ਨਹੀ ਸੀ।’

Advertisement
Author Image

sukhwinder singh

View all posts

Advertisement
Advertisement
×