ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਦੇਣ ਦੀ ਮੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੌਮੀ ਪਾਰਟੀ ਦੇ ਕਨਵੀਨਰ ਹੋਣ ਦੇ ਹੱਕ ਦਾ ਹਵਾਲਾ ਦਿੰਦਿਆਂ ਉਨ੍ਹਾਂ ਲਈ ਰਿਹਾਇਸ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਕੌਮੀ ਰਾਜਧਾਨੀ ਵਿੱਚ ਪ੍ਰੈਸ ਕਾਨਫਰੰਸ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਐਲਾਨ ਕੀਤਾ ਕਿ ਪਾਰਟੀ ਇਸ ਸਬੰਧੀ ਰਸਮੀ ਤੌਰ ’ਤੇ ਸਬੰਧਤ ਮੰਤਰਾਲੇ ਨੂੰ ਪੱਤਰ ਲਿਖੇਗੀ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਾਨੂੰ ਇਸ ਲਈ ਕਾਨੂੰਨੀ ਲੜਾਈ ਨਹੀਂ ਲੜਨੀ ਪਵੇਗੀ। ਕੇਜਰੀਵਾਲ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਆਪਣੀ ਸਰਕਾਰੀ ਰਿਹਾਇਸ਼ ਤੋਂ ਬਾਹਰ ਚਲੇ ਜਾਣਗੇ। ਚੱਢਾ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਕੋਈ ਜਾਇਦਾਦ ਜਾਂ ਆਪਣਾ ਘਰ ਵੀ ਨਹੀਂ ਹੈ। ਇੱਕ ਕੌਮੀ ਪਾਰਟੀ ਦੇ ਕਨਵੀਨਰ ਹੋਣ ਦੇ ਨਾਤੇ ਉਹ ਸਰਕਾਰੀ ਰਿਹਾਇਸ਼ ਦਾ ਹੱਕਦਾਰ ਹੈ। ਕੇਂਦਰ ਨੂੰ ਉਨ੍ਹਾਂ ਨੂੰ ਇਹ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 18 ਸਤੰਬਰ ਨੂੰ ‘ਆਪ’ ਨੇ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਸੁਰੱਖਿਆ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਛੱਡ ਦੇਣਗੇ ਅਤੇ 15 ਦਿਨਾਂ ਵਿੱਚ ਆਪਣੀ ਸਰਕਾਰੀ ਰਿਹਾਇਸ਼ ਤੋਂ ਬਾਹਰ ਚਲੇ ਜਾਣਗੇ ਅਤੇ ਇੱਕ ਆਮ ਆਦਮੀ ਵਾਂਗ ਰਹਿਣਗੇ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਅਨੁਸਾਰ ਅਸਤੀਫਾ ਸੌਂਪਣ ਤੋਂ ਬਾਅਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਜਿਸ ਗੱਲ ਦੀ ਗੱਲ ਕੀਤੀ, ਉਹ ਸੀ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਛੱਡਣ ਦਾ ਫੈਸਲਾ। ਸੰਜੈ ਸਿੰਘ ਨੇ ਕਿਹਾ ਸੀ ਕਿ ਕੇਜਰੀਵਾਲ 6 ਫਲੈਗਸਟਾਫ ਰੋਡ ਵਾਲਾ ਬੰਗਲਾ ਇਕ ਹਫਤੇ ਵਿਚ ਖਾਲੀ ਕਰ ਦੇਣਗੇ।