ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਜਰੀਵਾਲ ਦੀ ਅਰਜ਼ੀ ’ਤੇ ਹਾਈ ਕੋਰਟ ਵੱਲੋਂ ਫੌਰੀ ਸੁਣਵਾਈ ਤੋਂ ਨਾਂਹ

07:21 AM Mar 24, 2024 IST

ਨਵੀਂ ਦਿੱਲੀ, 23 ਮਾਰਚ
ਆਬਕਾਰੀ ਨੀਤੀ ਕੇਸ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਉਸ ਸਮੇਂ ਰਾਹਤ ਨਹੀਂ ਮਿਲੀ ਜਦੋਂ ਉਨ੍ਹਾਂ ਦੀ ਅਰਜ਼ੀ ’ਤੇ ਅਦਾਲਤ ਨੇ ਫੌਰੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਕੇਜਰੀਵਾਲ ਨੇ ਆਪਣੀ ਗ੍ਰਿਫ਼ਤਾਰੀ ਅਤੇ ਟਰਾਇਲ ਕੋਰਟ ਵੱਲੋਂ ਰਿਮਾਂਡ ’ਤੇ ਭੇਜੇ ਜਾਣ ਦੇ ਹੁਕਮਾਂ ਨੂੰ ਦਿੱਲੀ ਹਾਈ ਕੋਰਟ ’ਚ ਸ਼ਨਿਚਰਵਾਰ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ ਵੱਲੋਂ ਹੋਲੀ ਦੀਆਂ ਛੁੱਟੀਆਂ ਮਗਰੋਂ ਬੁੱਧਵਾਰ ਨੂੰ ਅਦਾਲਤ ਦੇ ਮੁੜ ਖੁੱਲ੍ਹਣ ’ਤੇ ਕੇਜਰੀਵਾਲ ਦੀ ਅਰਜ਼ੀ ’ਤੇ ਸੁਣਵਾਈ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੇਜਰੀਵਾਲ ਦੀ ਕਾਨੂੰਨੀ ਟੀਮ ਨੇ ਕਿਹਾ ਕਿ ਆਪਣੀ ਅਰਜ਼ੀ ’ਚ ਉਨ੍ਹਾਂ ਗ੍ਰਿਫ਼ਤਾਰੀ ਅਤੇ ਰਿਮਾਂਡ ਦੇ ਹੁਕਮਾਂ ਨੂੰ ‘ਗ਼ੈਰਕਾਨੂੰਨੀ’ ਕਰਾਰ ਦਿੰਦਿਆਂ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕਾਰਜਕਾਰੀ ਚੀਫ਼ ਜਸਟਿਸ ਤੋਂ ਫੌਰੀ ਅਤੇ ਸੰਭਵ ਹੋ ਸਕੇ ਤਾਂ ਐਤਵਾਰ ਨੂੰ ਹੀ ਅਰਜ਼ੀ ’ਤੇ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਸੀ। ਅਰਜ਼ੀ ’ਚ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਹੁਕਮਰਾਨ ਧਿਰ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਹਨ ਅਤੇ ਵਿਰੋਧੀ ਧਿਰ ਦੇ ਆਗੂ ਤੇ ‘ਇੰਡੀਆ’ ਗੱਠਜੋੜ ਦਾ ਭਾਈਵਾਲ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਈਡੀ ਨੂੰ ਹਥਿਆਰ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਰਾਊਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ’ਚ ਭੇਜ ਦਿੱਤਾ ਸੀ। ਈਡੀ ਦਾ ਦੋਸ਼ ਹੈ ਕਿ ਅਰਵਿੰਦ ਕੇਜਰੀਵਾਲ ਕਥਿਤ ਆਬਕਾਰੀ ਘੁਟਾਲੇ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ ਅਤੇ ‘ਆਪ’ ਨੂੰ ਸ਼ਰਾਬ ਘੁਟਾਲੇ ਤੋਂ ਕਰੋੜਾਂ ਰੁਪਏ ਮਿਲੇ ਸਨ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥਿਤ ਦੁਰਵਿਹਾਰ ਲਈ ਆਪਣੀ ਸੁਰੱਖਿਆ ’ਚ ਤਾਇਨਾਤ ਦਿੱਲੀ ਪੁਲੀਸ ਦੇ ਅਧਿਕਾਰੀ ਨੂੰ ਹਟਾਉਣ ਦੀ ਮੰਗ ਵਾਸਤੇ ਸਥਾਨਕ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਨਿਰਦੇਸ਼ ਦਿੱਤੇ ਹਨ ਕਿ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖੀ ਜਾਵੇ। ਉਨ੍ਹਾਂ ਇਸ ਗੱਲ ਦਾ ਨੋਟਿਸ ਲਿਆ ਕਿ ਕੇਜਰੀਵਾਲ ਦੀ ਸੁਰੱਖਿਆ ’ਚ ਤਾਇਨਾਤ ਏਸੀਪੀ ਏ ਕੇ ਸਿੰਘ ਨੇ ਬਿਨ੍ਹਾਂ ਕਿਸੇ ਗੱਲ ਤੋਂ ਅਦਾਲਤ ਦੇ ਕਮਰੇ ਦੇ ਬਾਹਰ ਲੋਕਾਂ ਨਾਲ ਦੁਰਵਿਹਾਰ ਕੀਤਾ ਸੀ। ਕੇਜਰੀਵਾਲ ਨੇ ਇਸ ਅਧਿਕਾਰੀ ਨੂੰ ਹਟਾਉਣ ਜਾਂ ਬਦਲਣ ਲਈ ਅਦਾਲਤ ਨੂੰ ਨਿਰਦੇਸ਼ ਦੇਣ ਲਈ ਕਿਹਾ ਹੈ। -ਏਐੱਨਆਈ/ਪੀਟੀਆਈ

Advertisement

ਕੋਈ ਮੈਨੂੰ ਜੇਲ੍ਹ ਅੰਦਰ ਡੱਕ ਕੇ ਨਹੀਂ ਰੱਖ ਸਕਦਾ: ਕੇਜਰੀਵਾਲ

ਆਪਣੇ ਪਤੀ ਦਾ ਸੁਨੇਹਾ ਪੜ੍ਹ ਕੇ ਸੁਣਾਉਂਦੀ ਹੋਈ ਸੁਨੀਤਾ ਕੇਜਰੀਵਾਲ।

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ, ਵਾਲੰਟੀਅਰਾਂ ਅਤੇ ਦਿੱਲੀ ਦੇ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਆਪਣੇ ਪਤੀ ਦਾ ਸੁਨੇਹਾ ਵਰਚੁਅਲੀ ਪੜ੍ਹ ਕੇ ਸੁਣਾਇਆ। ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਅੱਜ ਸ਼ਾਮ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਦੀ ਪਤਨੀ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ, ‘‘ਕੋਈ ਜੇਲ੍ਹ ਮੈਨੂੰ ਅੰਦਰ ਨਹੀਂ ਰੱਖ ਸਕਦੀ ਅਤੇ ਮੈਂ ਬਾਹਰ ਆ ਕੇ ਆਪਣੇ ਵਾਅਦੇ ਪੂਰੇ ਕਰਾਂਗਾ।’’ ਅਰਵਿੰਦ ਕੇਜਰੀਵਾਲ ਨੇ ਆਪਣੇ ਇਸ ਸੁਨੇਹੇ ਵਿੱਚ ‘ਆਪ’ ਵਰਕਰਾਂ ਨੂੰ ਕਿਹਾ ਕਿ ਉਹ ਗ੍ਰਿਫ਼ਤਾਰੀ ਕਾਰਨ ਭਾਜਪਾ ਮੈਂਬਰਾਂ ਨਾਲ ਨਫ਼ਰਤ ਨਾ ਕਰਨ। ਉਨ੍ਹਾਂ ਕਿਹਾ, ‘‘ਮੈਂ ‘ਆਪ’ ਦੇ ਸਾਰੇ ਵਰਕਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਮੇਰੇ ਜੇਲ੍ਹ ਜਾਣ ਤੋਂ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕੰਮ ਨਾ ਰੁਕਣ। ਇਸ ਗ੍ਰਿਫ਼ਤਾਰੀ ਕਾਰਨ ਭਾਜਪਾ ਵਾਲਿਆਂ ਨਾਲ ਨਫ਼ਰਤ ਨਾ ਕਰੋ। ਉਹ ਸਾਡੇ ਭੈਣ-ਭਰਾ ਹਨ। ਮੈਂ ਜਲਦੀ ਹੀ ਵਾਪਸ ਆਵਾਂਗਾ।’’ ਸੁਨੀਤਾ ਕੇਜਰੀਵਾਲ ਨੇ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਕੇਜਰੀਵਾਲ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਸੁਨੀਤਾ ਕੇਜਰੀਵਾਲ ਪਹਿਲੀ ਵਾਰ ‘ਆਪ’ ਦੇ ਮੰਚ ਤੋਂ ਮੁਖ਼ਾਤਬਿ ਹੋਈ ਅਤੇ ‘ਆਪ’ ਵਾਲੰਟੀਅਰਾਂ ਨੂੰ ਹੌਸਲਾ ਦਿੱਤਾ। ਕੇਜਰੀਵਾਲ ਨੇ ਆਪਣੇ ਸੁਨੇਹੇ ਵਿੱਚ ਕਿਹਾ, ‘‘ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਵੇਂ ਕਿ ਮੈਂ ਜੇਲ੍ਹ ਵਿੱਚ ਹਾਂ ਪਰ ਮੈਂ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੇਰਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਅੱਗੇ ਵੀ ਜਾਰੀ ਰਹੇਗਾ। ਇਸ ਲਈ, ਇਸ ਗ੍ਰਿਫਤਾਰੀ ਤੋਂ ਮੈਂ ਹੈਰਾਨ ਨਹੀਂ ਹਾਂ।’’ ਉਨ੍ਹਾਂ ਕਿਹਾ, “ਭਾਰਤ ਦੇ ਅੰਦਰ ਅਤੇ ਬਾਹਰ ਕਈ ਤਾਕਤਾਂ ਹਨ ਜੋ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਚੌਕਸ ਰਹਿਣਾ ਹੋਵੇਗਾ। ਇਨ੍ਹਾਂ ਤਾਕਤਾਂ ਨੂੰ ਪਛਾਣਨਾ ਹੋਵੇਗਾ ਅਤੇ ਇਨ੍ਹਾਂ ਨੂੰ ਹਰਾਉਣਾ ਹੋਵੇਗਾ...ਦਿੱਲੀ ਦੀਆਂ ਔਰਤਾਂ ਇਹ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਸਲਾਖਾਂ ਪਿੱਛੇ ਹੈ। ਕੌਣ ਜਾਣਦਾ ਹੈ ਕਿ ਉਨ੍ਹਾਂ ਨੂੰ 1000 ਰੁਪਏ ਮਿਲਣਗੇ ਜਾਂ ਨਹੀਂ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਭਰਾ, ਆਪਣੇ ਪੁੱਤਰ ’ਤੇ ਭਰੋਸਾ ਕਰਨ। ਅਜਿਹੀ ਕੋਈ ਜੇਲ੍ਹ ਨਹੀਂ ਹੈ ਜੋ ਮੈਨੂੰ ਲੰਬੇ ਸਮੇਂ ਤੱਕ ਸਲਾਖਾਂ ਪਿੱਛੇ ਰੱਖ ਸਕੇ। ਮੈਂ ਜਲਦੀ ਹੀ ਬਾਹਰ ਆਵਾਂਗਾ ਅਤੇ ਆਪਣਾ ਵਾਅਦਾ ਨਿਭਾਵਾਂਗਾ।’’

ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਟਿੱਪਣੀ ਕਰਨ ਲਈ ਜਰਮਨ ਸਫ਼ੀਰ ਤਲਬ

ਨਵੀਂ ਦਿੱਲੀ, 23 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਜਰਮਨੀ ਦੇ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਰਤ ਨੇ ਅੱਜ ਇਥੇ ਜਰਮਨ ਦੂਤਘਰ ਦੇ ਉਪ ਮੁਖੀ ਜੌਰਜ ਏਨਜ਼ਵੀਲਰ ਨੂੰ ਤਲਬ ਕਰਕੇ ਤਿੱਖਾ ਰੋਸ ਦਰਜ ਕਰਵਾਇਆ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਜਰਮਨ ਸਫ਼ੀਰ ਨੂੰ ਦੱਸਿਆ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਜਰਮਨ ਵਿਦੇਸ਼ ਮੰਤਰਾਲੇ ਦੀ ਟਿੱਪਣੀ ਭਾਰਤ ਦੀ ਨਿਆਂ ਪ੍ਰਕਿਰਿਆ ’ਚ ਦਖ਼ਲ ਹੈ। ਮੰਤਰਾਲੇ ਨੇ ਕਿਹਾ ਕਿ ਕੋਈ ਵੀ ਪੱਖਪਾਤੀ ਧਾਰਨਾ ਗ਼ੈਰ ਲੋੜੀਂਦੀ ਹੈ। ਜਰਮਨੀ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਨੋਟਿਸ ਲੈਂਦਿਆਂ ਕਿਹਾ ਸੀ,‘‘ਸਾਡਾ ਮੰਨਣਾ ਹੈ ਅਤੇ ਉਮੀਦ ਕਰਦੇ ਹਾਂ ਕਿ ਨਿਆਂਪਾਲਿਕਾ ਦੀ ਆਜ਼ਾਦੀ ਨਾਲ ਜੁੜੇ ਮਾਪਦੰਡ ਅਤੇ ਮੂਲ ਜਮਹੂਰੀ ਸਿਧਾਂਤ ਵੀ ਇਸ ਮਾਮਲੇ ’ਚ ਲਾਗੂ ਹੋਣਗੇ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਅਜਿਹੇ ਬਿਆਨ ਦੇਸ਼ ਦੀ ਨਿਆਂ ਪ੍ਰਕਿਰਿਆ ’ਚ ਦਖ਼ਲ ਹੈ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਕਮਜ਼ੋਰ ਕਰਨਾ ਹੈ। ਜੈਸਵਾਲ ਨੇ ਕਿਹਾ ਕਿ ਭਾਰਤ ਕਾਨੂੰਨ ਦੇ ਸ਼ਾਸਨ ਵਾਲਾ ਮਜ਼ਬੂਤ ਲੋਕਤੰਤਰ ਹੈ ਅਤੇ ਹੋਰ ਮੁਲਕਾਂ ਵਾਂਗ ਕਾਨੂੰਨ ਇਸ ਮਾਮਲੇ ’ਚ ਆਪਣਾ ਕੰਮ ਕਰੇਗਾ। -ਪੀਟੀਆਈ

Advertisement

Advertisement