ਕੇਜਰੀਵਾਲ ਨੇ ਭਾਜਪਾ ਦੀ ਕਾਰਗੁਜ਼ਾਰੀ ਬਾਰੇ ਭਾਗਵਤ ਨੂੰ ਲਿਖਿਆ ਪੱਤਰ
* ਨੱਢਾ ਵੱਲੋਂ ਸੰਘ ਬਾਰੇ ਦਿੱਤੇ ਗਏ ਬਿਆਨ ’ਤੇ ਉਠਾਇਆ ਸਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਤਰ ਲਿਖ ਕੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੂੰ ਭਾਜਪਾ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਅੱਜ ਲਿਖੇ ਪੱਤਰ ਵਿੱਚ ਕੇਜਰੀਵਾਲ ਨੇ ਭਾਗਵਤ ਨੂੰ ਪੰਜ ਸਵਾਲ ਪੁੱਛੇ ਅਤੇ ਉਨ੍ਹਾਂ ਨੂੰ ਭਾਜਪਾ ਦੇ ਮਾਮਲਿਆਂ ਵਿੱਚ ਜ਼ਿੰਮੇਵਾਰੀ ਲੈਣ ਲਈ ਕਿਹਾ ਹੈ। ਕੇਜਰੀਵਾਲ ਨੇ ਚਿੱਠੀ ਵਿੱਚ ਪੁੱਛਿਆ, ‘ਭਾਜਪਾ ਦਾ ਜਨਮ ਆਰਐੱਸਐੱਸ ਦੀ ਕੁੱਖੋਂ ਹੋਇਆ ਹੈ ਪਰ ਕੀ ਤੁਸੀਂ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲਤ ਕੰਮ ਕਰਨ ਤੋਂ ਰੋਕਿਆ? ਜਿਹੜੇ ਆਗੂਆਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਭ ਤੋਂ ਭ੍ਰਿਸ਼ਟ ਕਿਹਾ, ਉਹ ਭਾਜਪਾ ਵਿੱਚ ਸ਼ਾਮਲ ਹੋ ਗਏ, ਕੀ ਤੁਸੀਂ ਅਜਿਹੀ ਰਾਜਨੀਤੀ ਨਾਲ ਸਹਿਮਤ ਹੋ?’ ਉਨ੍ਹਾਂ ਕਿਹਾ, ‘ਤੁਹਾਡੇ ਕਾਨੂੰਨ ਅਨੁਸਾਰ ਸਿਆਸੀ ਆਗੂ 75 ਸਾਲ ਬਾਅਦ ਸੇਵਾਮੁਕਤ ਹੋ ਜਾਣਾ ਚਾਹੀਦਾ ਹੈ ਪਰ ਅਮਿਤ ਸ਼ਾਹ ਕਹਿ ਰਹੇ ਹਨ ਕਿ ਇਹ ਨਿਯਮ ਮੋਦੀ ’ਤੇ ਲਾਗੂ ਨਹੀਂ ਹੋਵੇਗਾ, ਜੋ ਕਾਨੂੰਨ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ’ਤੇ ਲਾਗੂ ਹੋਇਆ, ਉਹ ਮੋਦੀ ਜੀ ’ਤੇ ਲਾਗੂ ਕਿਉਂ ਨਹੀਂ ਹੋਵੇਗਾ?’
ਉਨ੍ਹਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਵੱਲੋਂ ਆਰਐੱਸਐੱਸ ਬਾਰੇ ਦਿੱਤੇ ਗਏ ਬਿਆਨ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ, ‘ਲੋਕ ਸਭਾ ਚੋਣਾਂ ਦੌਰਾਨ ਜੇਪੀ ਨੱਢਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਰਐੱਸਐੱਸ ਦੀ ਲੋੜ ਨਹੀਂ। ਕੀ ਪੁੱਤਰ ਇੰਨਾ ਵੱਡਾ ਹੋ ਗਿਆ ਹੈ ਕਿ ਉਸ ਨੇ ਆਪਣੀ ਮਾਂ ਨੂੰ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ? ਜਦੋਂ ਉਨ੍ਹਾਂ ਅਜਿਹਾ ਕਿਹਾ, ਤੁਹਾਨੂੰ ਦੁੱਖ ਮਹਿਸੂਸ ਨਹੀਂ ਹੋਇਆ?’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਿਰੋਧੀ ਪਾਰਟੀਆਂ ਨੂੰ ਧਮਕਾਉਣ ਲਈ ਈਡੀ ਅਤੇ ਸੀਬੀਆਈ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਲਿਖਿਆ, ‘ਈਡੀ ਅਤੇ ਸੀਬੀਆਈ ਦੀਆਂ ਧਮਕੀਆਂ ਦੇ ਕੇ ਪਾਰਟੀਆਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ। ਕੀ ਇਹ ਸਹੀ ਹੈ? ਕੀ ਆਰਐੱਸਐੱਸ ਇਸ ਨੂੰ ਸਵੀਕਾਰ ਕਰਦੀ ਹੈ?’
ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਮਿਲੇਗਾ ਨਵਾਂ ਰਾਹ: ਭਾਗਵਤ
ਨਾਗਪੁਰ:
ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੁਨੀਆ ਨੂੰ ਦਰਪੇਸ਼ ਸਮੱਸਿਆਵਾਂ ਦਾ ਭਾਰਤ ਕੋਲ ਹਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਪੁਰਾਤਨ ਰਵਾਇਤ ਵਿਭਿੰਨਤਾ ਅਤੇ ਕਿਸੇ ਨੂੰ ਵੀ ਨਾ ਨਕਾਰਨ ਦੀ ਧਾਰਨਾ ’ਚ ਯਕੀਨ ਰਖਦੀ ਹੈ। ਸੰਘ ਵਿਚਾਰਕ ਪੰਡਤ ਦੀਨਦਿਆਲ ਉਪਾਧਿਆਏ ਬਾਰੇ ਕਿਤਾਬ ਨੂੰ ਰਿਲੀਜ਼ ਕਰਨ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਨਵਾਂ ਰਾਹ ਮਿਲੇਗਾ। -ਪੀਟੀਆਈ