ਸੁਤੰਤਰ ਨਿਗਰਾਨ ਲਾਉਣ ਲਈ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ
ਨਵੀਂ ਦਿੱਲੀ, 2 ਫਰਵਰੀ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਪਣੇ ਨਵੀਂ ਦਿੱਲੀ ਹਲਕੇ ਵਿਚ ਸੁਤੰਤਰ ਨਿਗਰਾਨ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਪੱਤਰ ਵਿਚ ‘ਆਪ’ ਵਰਕਰਾਂ ’ਤੇ ਕਥਿਤ ਹਮਲਾ ਕਰਨ ਵਾਲੇ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਵੀ ਮੰਗ ਕੀਤੀ ਹੈ। ਉਧਰ ਭਾਜਪਾ ਤੇ ਦਿੱਲੀ ਪੁਲੀਸ ਨੇ ਕੇਜਰੀਵਾਲ ਦੇ ਦਾਅਵਿਆਂ ਬਾਰੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕੇਜਰੀਵਾਲ ਨੇ ਪੱਤਰ ਵਿਚ ਆਪ’ ਵਰਕਰਾਂ ’ਤੇ ਹਮਲੇ ਦੀਆਂ ਕੁਝ ਘਟਨਾਵਾਂ ਦਾ ਵੀ ਹਵਾਲਾ ਦਿੱਤਾ ਹੈ।
ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਜਿਵੇਂ ਦਿੱਲੀ ਅਸੈਂਬਲੀ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ‘ਗੁੰਡਾਗਰਦੀ’ ਉੱਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ‘ਆਪ’ 5 ਫਰਵਰੀ ਦੀਆਂ ਚੋਣਾਂ ਵਿਚ ਹੌਲੀ ਹੌਲੀ ‘ਫੈਸਲਾਕੁਨ ਜਿੱਤ’ ਵੱਲ ਵੱਧ ਰਹੀ ਹੈ ਅਤੇ ਇਸ ਨੇ ਭਾਜਪਾ ਆਗੂਆਂ, ਖਾਸ ਕਰਕੇ ਕੇਂਦਰੀ ਗ੍ਰਹਿ ਮੰਤੀ ਅਮਿਤ ਸ਼ਾਹ ਦੀ ‘ਚਿੰਤਾ’ ਅਤੇ ਨਿਰਾਸ਼ਾ ਵਧਾ ਦਿੱਤੀ ਹੈ। ਉਨ੍ਹਾਂ ਕਿਹਾ, ‘ਆਪ ਜਿੱਤ ਵੱਲ ਵਧ ਰਹੀ ਹੈ ਤੇ ਅਮਿਤ ਸ਼ਾਹ ਚਿੰਤਤ ਹਨ। ਭਾਜਪਾ ਗੁੁੰਡਾਗਰਦੀ ਉੱਤੇ ਉੱਤਰ ਆਈ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਹਾਰ ਦਾ ਪਤਾ ਲੱਗ ਗਿਆ ਹੈ।’ ਉਨ੍ਹਾਂ ਭਾਜਪਾ ਵਰਕਰਾਂ ’ਤੇ ‘ਆਪ’ ਵਲੰਟੀਅਰਾਂ ਤੇ ਹਮਾਇਤੀਆਂ ਨੂੰ ਡਰਾਉਣ ਧਮਕਾਉਣ ਤੇ ਉਨ੍ਹਾਂ ’ਤੇ ਹਮਲੇ ਕਰਨ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕਿਹਾ, ‘ਸਾਡੇ ਆਗੂਆਂ ਤੇ ਸਮਰਥਕਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਜਾਂ ਫਿਰ ਗ੍ਰਿਫ਼ਤਾਰੀ ਤੇ ਹਮਲਿਆਂ ਲਈ ਤਿਆਰ ਰਹਿਣ ਵਾਸਤੇ ਧਮਕਾਇਆ ਜਾ ਰਿਹਾ ਹੈ। ਪਰ ਸਾਨੂੰ ਡਰਾਇਆ ਨਹੀਂ ਜਾ ਸਕਦਾ।’ ਉਨ੍ਹਾਂ ਕਿਹਾ ਕਿ ਦਿੱਲੀ ਅਜਿਹੀਆਂ ‘ਡਰਾਉਣ ਧਮਕਾਉਣ ਵਾਲੀਆਂ ਜੁਗਤਾਂ’ ਤੋਂ ਡਰਨ ਵਾਲਾ ਨਹੀਂ ਹੈ। -ਪੀਟੀਆਈ
ਭਾਜਪਾ ਕੋਲ ਦਿੱਲੀ ਲਈ ਕੋਈ ਦੂਰਅੰਦੇਸ਼ੀ ਸੋਚ ਨਹੀਂ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਨਵੀਂ ਸੋਸ਼ਲ ਮੀਡੀਆ ਮੁਹਿੰਮ ਹੈਸ਼ਟੈਗ ‘ਅਮਿਤ ਸ਼ਾਹ ਕੀ ਗੁੰਡਾਗਰਦੀ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੈਸ਼ਟੈਗ ਦੀ ਵਰਤੋਂ ਕਰਕੇ ‘ਹਮਲਿਆਂ ਅਤੇ ਡਰਾਉਣ ਧਮਕਾਉਣ’ ਬਾਰੇ ਆਪਣੇ ਤਜਰਬੇ ਸਾਂਝੇ ਕਰਨ। ਕੇਜਰੀਵਾਲ ਨੇ ਕਿਹਾ, ‘ਭਾਜਪਾ ਕੋਲ ਦਿੱਲੀ ਲਈ ਕੋਈ ਦੂਰਅੰਦੇਸ਼ੀ ਸੋਚ ਨਹੀਂ ਹੈ, ਨਾ ਮੁੱਖ ਮੰਤਰੀ ਦਾ ਉਮੀਦਵਾਰ ਤੇ ਨਾ ਵਿਕਾਸ ਦਾ ਏਜੰਡਾ। ਉਨ੍ਹਾਂ ਕੋਲ ਸਿਰਫ਼ ਗੁੰਡਾਗਰਦੀ ਹੈ। ਉਹ ਵੋਟਾਂ ਨਾਲ ਨਹੀਂ ਬਲਕਿ ਡਰਾ ਕੇ ਜਿੱਤਣਾ ਚਾਹੁੰਦੇ ਹਨ।’ ਉਨ੍ਹਾਂ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸੁਰੱਖਿਆ ਤੇ ਜਮਹੂਰੀ ਅਖੰਡਤਾ ਯਕੀਨੀ ਬਣਾਉਣ ਲਈ ਭਾਜਪਾ ਖਿਲਾਫ਼ ਇਕਜੁੱਟ ਹੋਣ।