ਕੇਜਰੀਵਾਲ ਜਲਦੀ ਹੀ ਸਰਕਾਰੀ ਰਿਹਾਇਸ਼ ਕਰਨਗੇ ਖ਼ਾਲੀ
ਨਵੀਂ ਦਿੱਲੀ, 28 ਸਤੰਬਰ
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਸ਼ਹਿਰ ਦੇ ਸਿਵਲ ਲਾਈਨਜ਼ ਇਲਾਕੇ ’ਚ ਸਥਿਤ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਜਲਦੀ ਹੀ ਖ਼ਾਲੀ ਕਰ ਦੇਣਗੇ ਅਤੇ ਉਨ੍ਹਾਂ ਆਪਣੇ ਨਵੀਂ ਦਿੱਲੀ ਹਲਕੇ ਨੇੜੇ ਇੱਕ ਨਵੇਂ ਮਕਾਨ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਕੇਜਰੀਵਾਲ ਨੇ ਕਿਹਾ ਕਿ ਉਹ ਨਰਾਤਿਆਂ ਦੌਰਾਨ ਸਰਕਾਰੀ ਫਲੈਗਸਟਾਫ ਰੋਡ ਰਿਹਾਇਸ਼ ਖ਼ਾਲੀ ਕਰ ਦੇਣਗੇ। ਨਰਾਤੇ ਅਕਤੂਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੇ ਹਨ। ਆਮ ਆਦਮੀ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, ‘ਅਰਵਿੰਦ ਕੇਜਰੀਵਾਲ ਜਲਦੀ ਹੀ ਮੁੱਖ ਮੰਤਰੀ ਰਿਹਾਇਸ਼ ਖ਼ਾਲੀ ਕਰ ਦੇਣਗੇ ਅਤੇ ਉਨ੍ਹਾਂ ਦੀ ਨਵੀਂ ਰਿਹਾਇਸ਼ ਲਈ ਭਾਲ ਤੇਜ਼ ਕਰ ਦਿੱਤੀ ਗਈ ਹੈ। ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਨੇੜੇ ਘਰ ਲੱਭ ਰਹੇ ਹਨ ਕਿਉਂਕਿ ਉਹ ਉੱਥੋਂ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ।’ ਪਾਰਟੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਹਿਜ ਕੁੱਝ ਮਹੀਨੇ ਬਾਕੀ ਰਹਿਣ ’ਤੇ ‘ਆਪ’ ਸੁਪਰੀਮੋ ਮਕਾਨ ਲੱਭਣ ’ਤੇ ‘ਗੰਭੀਰਤਾ ਨਾਲ ਧਿਆਨ ਕੇਂਦਰਿਤ’ ਕਰ ਰਹੇ ਹਨ, ਜਿਸ ਨਾਲ ਉਹ ਆਪਣੇ ਸਮੇਂ ਤੇ ਸਰੋਤਾਂ ਦੀ ਪੂਰੀ ਵਰਤੋਂ ਕਰ ਸਕਣ। ਪਾਰਟੀ ਨੇ ਦੱਸਿਆ ਕਿ ‘ਆਪ’ ਵਿਧਾਇਕਾਂ, ਕੌਂਸਲਰਾਂ, ਵਰਕਰਾਂ ਤੋਂ ਇਲਾਵਾ ਵੱਖ ਵੱਖ ਸਮਾਜਿਕ, ਆਰਥਿਕ ਤੇ ਸਿਆਸੀ ਪਿਛੋਕੜ ਨਾਲ ਸਬੰਧ ਰੱਖਣ ਵਾਲੇ ਲੋਕ ਵੀ ਉਨ੍ਹਾਂ ਲਈ ਰਿਹਾਇਸ਼ ਦੀ ਪੇਸ਼ਕਸ਼ ਕਰ ਰਹੇ ਹਨ। ‘ਆਪ’ ਨੇ ਕੇਂਦਰ ਸਰਕਾਰ ਤੋਂ ਇੱਕ ਕੌਮੀ ਪਾਰਟੀ ਦੇ ਮੁਖੀ ਦੇ ਅਹੁਦੇ ’ਤੇ ਹੋਣ ਦੇ ਨਾਤੇ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ