ਕੇਜਰੀਵਾਲ ਪਹਿਲਾਂ ਵਾਂਗ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ: ਸੰਜੇ ਸਿੰਘ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਇਕ ਦਿਨ ਬਾਅਦ ਅੱਜ ‘ਆਪ’ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ ਤੇ ਦਿੱਲੀ ਦੇ ਲੋਕਾਂ ਦਾ ਕੋਈ ਕੰਮ ਪ੍ਰਭਾਵਿਤ ਨਹੀਂ ਹੋਵੇਗਾ। ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵਰ੍ਹਦਿਆਂ ਕੇਜਰੀਵਾਲ ਨੂੰ ‘ਫ਼ਰਜ਼ੀ’ ਕੇਸ ਵਿੱਚ ਜੇਲ੍ਹ ਭੇਜਣ ਲਈ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਝੂਠ ਫੈਲਾਅ ਰਹੀ ਹੈ ਕਿ ਕੇਜਰੀਵਾਲ ਫਾਈਲਾਂ ’ਤੇ ਦਸਤਖਤ ਨਹੀਂ ਕਰ ਸਕਦੇ ਜਾਂ ਮੁੱਖ ਮੰਤਰੀ ਵਜੋਂ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਇਸ ਝੂਠ ਨੂੰ ਬੇਸ਼ਰਮੀ ਨਾਲ ਫੈਲਾਉਣ ਲਈ ਭਾਜਪਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਕੋਲ ਕੋਈ ਵਿਭਾਗ ਨਹੀਂ ਹੈ ਅਤੇ ਸਬੰਧਤ ਮੰਤਰੀ ਆਪੋ-ਆਪਣੇ ਵਿਭਾਗਾਂ ਦੀਆਂ ਫਾਈਲਾਂ ’ਤੇ ਦਸਤਖਤ ਕਰਦੇ ਹਨ। ਕੇਜਰੀਵਾਲ ਸਿਰਫ ਉਨ੍ਹਾਂ ਫਾਈਲਾਂ ’ਤੇ ਦਸਤਖਤ ਕਰਦੇ ਹਨ, ਜਿਨ੍ਹਾਂ ਨੂੰ ਲੈਫਟੀਨੈਂਟ ਗਵਰਨਰ ਦੀ ਮਨਜ਼ੂਰੀ ਲਈ ਭੇਜਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਨੂੰ ਆਪਣੀ ਮਨਜ਼ੂਰੀ ਲਈ ਐਲਜੀ ਕੋਲ ਜਾਣ ਵਾਲੀਆਂ ਫਾਈਲਾਂ ’ਤੇ ਦਸਤਖਤ ਕਰਨ ਤੋਂ ਨਹੀਂ ਰੋਕਿਆ ਹੈ। ਇਸ ਲਈ ਮੁੱਖ ਮੰਤਰੀ ਵਜੋਂ ਕੇਜਰੀਵਾਲ ਸੌ ਪ੍ਰਤੀਸ਼ਤ ਦਿੱਲੀ ਦੇ ਲੋਕਾਂ ਲਈ ਕੰਮ ਕਰਨਾ ਅਤੇ ਲੜਨਾ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਕੇਜਰੀਵਾਲ ਨੇ ਸਿਹਤ, ਸਿੱਖਿਆ, ਪਾਣੀ ਅਤੇ ਬਿਜਲੀ ਦੇ ਖੇਤਰਾਂ ਵਿੱਚ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ।