Kejriwal Vipassana ਅਰਵਿੰਦ ਕੇਜਰੀਵਾਲ 10 ਦਿਨਾ ਵਿਪਾਸਨਾ ਸੈਸ਼ਨ ਲਈ ਹੁਸ਼ਿਆਰਪੁਰ ਪੁੱਜੇ
ਹੁਸ਼ਿਆਰਪੁਰ, 4 ਮਾਰਚ
Kejriwal Vipassana ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 10 ਦਿਨਾ ਵਿਪਾਸਨਾ ਸੈਸ਼ਨ ਲਈ ਹੁਸ਼ਿਆਰਪੁਰ ਪਹੁੰਚ ਗਏ ਹਨ। ਧਿਆਨ ਦਾ ਇਹ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋਵੇਗਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਹੁਸ਼ਿਆਰਪੁਰ ਤੋਂ ਕਰੀਬ 14 ਕਿਲੋਮੀਟਰ ਦੂਰ ਚੋਹਲ ਦੇ ਫੋਰੈਸਟ ਰੈਸਟ ਹਾਊਸ ਵਿਚ ਪਹੁੰਚੇ ਹਨ।
ਪਾਰਟੀ ਸੂਤਰਾਂ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਕਰੀਬ 11 ਕਿਲੋਮੀਟਰ ਦੂਰ ਪਿੰਡ ਆਨੰਦਗੜ੍ਹ ਵਿੱਚ ਸਥਿਤ Dhamma Dhaja ਵਿਪਾਸਨਾ ਸੈਂਟਰ (ਡੀਡੀਵੀਸੀ) ਵਿੱਚ 10 ਦਿਨਾਂ ਦੇ ਵਿਪਾਸਨਾ (ਧਿਆਨ) ਕੋਰਸ ਵਿੱਚ ਸ਼ਾਮਲ ਹੋਣਗੇ।
ਕੇਜਰੀਵਾਲ ਪ੍ਰਾਚੀਨ ਧਿਆਨ ਪ੍ਰਣਾਲੀ ਦਾ ਅਭਿਆਸ ਕਰਨ ਲਈ ਜੈਪੁਰ, ਨਾਗਪੁਰ, ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨੇੜੇ ਧਰਮਕੋਟ ਅਤੇ ਬੰਗਲੁਰੂ ਸਮੇਤ ਕਈ ਥਾਵਾਂ ’ਤੇ ਜਾ ਚੁੱਕੇ ਹਨ।
ਉਂਝ ਇਹ ਦੂਜੀ ਵਾਰ ਹੈ ਜਦੋਂ ਕੇਜਰੀਵਾਲ ਵਿਪਾਸਨਾ ਧਿਆਨ ਲਈ ਆਨੰਦਗੜ੍ਹ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 21 ਦਸੰਬਰ ਤੋਂ 30 ਦਸੰਬਰ, 2023 ਤੱਕ ਕੇਂਦਰ ਵਿੱਚ ਇਸੇ ਤਰ੍ਹਾਂ ਦੇ ਕੋਰਸ ਵਿੱਚ ਹਿੱਸਾ ਲਿਆ ਸੀ। ਵਿਪਾਸਨਾ ਧਿਆਨ ਲਾਉਣ ਦੀ ਪ੍ਰਾਚੀਨ ਭਾਰਤੀ ਤਕਨੀਕ ਹੈ, ਜੋ ਸਵੈ-ਨਿਰੀਖਣ ਦੁਆਰਾ ਸਵੈ-ਪਰਿਵਰਤਨ ’ਤੇ ਕੇਂਦਰਿਤ ਹੈ।
ਦਿੱਲੀ ਅਸੈਂਬਲੀ ਦੀਆਂ ਹਾਲੀਆ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਚੋਣ ਹਾਰਨ ਵਾਲੇ ਕੇਜਰੀਵਾਲ ਨੇ ਖ਼ੁਦ ਨੂੰ ਪਾਰਟੀ ਨਾਲ ਸਬੰਧਤ ਸਰਗਰਮੀਆਂ ਤੱਕ ਸੀਮਤ ਰੱਖਿਆ ਹੈ। ਆਮ ਆਦਮੀ ਪਾਰਟੀ ਦਿੱਲੀ ਅਸੈਂਬਲੀ ਚੋਣਾਂ ਵਿੱਚ 70 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ 22 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਸੀ। -ਪੀਟੀਆਈ