For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਨੇ ਮੋਦੀ ਤੇ ਆਰਐੱਸਐੱਸ ’ਤੇ ਸੇਧਿਆ ਨਿਸ਼ਾਨਾ

07:26 AM Sep 23, 2024 IST
ਕੇਜਰੀਵਾਲ ਨੇ ਮੋਦੀ ਤੇ ਆਰਐੱਸਐੱਸ ’ਤੇ ਸੇਧਿਆ ਨਿਸ਼ਾਨਾ
ਜੰਤਰ-ਮੰਤਰ ਵਿਖੇ ‘ਜਨਤਾ ਕੀ ਅਦਾਲਤ’ ਰੈਲੀ ਦੌਰਾਨ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪਾਰਟੀ ਆਗੂ ਸੰਦੀਪ ਪਾਠਕ ਤੇ ਹੋਰ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਸਤੰਬਰ
ਇਕ ਨਵੀਂ ਸਿਆਸੀ ਰਣਨੀਤੀ ਅਖ਼ਤਿਆਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਸਬੰਧੀ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਪੰਜ ਸਵਾਲ ਕੀਤੇ। ਜ਼ਾਹਿਰ ਤੌਰ ’ਤੇ ਇਨ੍ਹਾਂ ਦਾ ਮਕਸਦ ਮੋਦੀ ਦੇ ਬਣੇ ਹੋਏ ਕੱਦ ਨੂੰ ਘਟਾਉਂਦਿਆਂ ਇਹ ਦਿਖਾਉਣਾ ਹੈ ਕਿ ਅਸਲੀ ਤਾਕਤ ਹਿੰਦੂਤਵੀ ‘ਮਾਂ’ ਸੰਸਥਾ ਭਾਵ ਆਰਐੱਸਐੱਸ ਦੇ ਹੱਥ ਵਿੱਚ ਹੈ, ਜਿਸ ਨੂੰ ਆਪਣੇ ਬੱਚਿਆਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ।
ਕੇਜਰੀਵਾਲ ਨੇ ਇੱਥੇ ਇਕ ਰੈਲੀ ਦੌਰਾਨ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਪੰਜ ਸਵਾਲ ਦਾਗ਼ਦਿਆਂ ਪੁੱਛਿਆ, ‘‘ਕੀ ਪੁੱਤ ਐਨਾ ਵੱਡਾ ਹੋ ਗਿਆ ਹੈ ਕਿ ਉਹ ਆਪਣੀ ਮਾਂ ਨੂੰ ਵੀ ਆਕੜ ਦਿਖਾ ਰਿਹਾ ਹੈ।’’ ਉਨ੍ਹਾਂ ਦੇ ਇਹ ਸਵਾਲ ਸਿਆਸੀ ਤੌਰ ’ਤੇ ਤਾਂ ਨਰਮੀ ਵਾਲੇ ਹਨ ਪਰ ਇਨ੍ਹਾਂ ਰਾਹੀਂ ਜਿਸ ਤਰ੍ਹਾਂ ਭਾਗਵਤ ਨੂੰ ਨਵੇਂ ਸਿਆਸੀ ਬਿਰਤਾਂਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਆਸਾਧਾਰਨ ਤੇ ਨਵੀਂ ਹੈ। ਕੇਜਰੀਵਾਲ ਜਾਨਣਾ ਚਾਹੁੰਦੇ ਸਨ ਕਿ ਕੀ ਵਿਰੋਧੀ ਪਾਰਟੀਆਂ ਤੇ ਉਨ੍ਹਾਂ ਦੀਆਂ ਸਰਕਾਰਾਂ ਨੂੰ ਤੋੜਨ ਅਤੇ ‘ਭ੍ਰਿਸ਼ਟ’ ਆਗੂਆਂ ਨੂੰ ਆਪਣੇ ਨਾਲ ਰਲਾਉਣ ਵਾਸਤੇ ਕੇਂਦਰੀ ਏਜੰਸੀਆਂ ਦੀ ਵਰਤੋਂ ਵਾਲੀਆਂ ਭਾਜਪਾ ਦੀਆਂ ਨੀਤੀਆਂ ਨਾਲ ਆਰਐੱਸਐੱਸ ਦੀ ਸਹਿਮਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਇੱਥੇ ਜੰਤਰ-ਮੰਤਰ ਵਿਖੇ ‘ਜਨਤਾ ਕੀ ਅਦਾਲਤ’ ਤਹਿਤ ਆਪਣੀ ਪਹਿਲੀ ਜਨਤਕ ਇਕੱਤਰਤਾ ਵਿੱਚ ਕੇਜਰੀਵਾਲ ਨੇ ਇਹ ਸਵਾਲ ਵੀ ਕੀਤਾ ਕਿ ਕੀ ਸੇਵਾਮੁਕਤੀ ਦੀ ਉਮਰ ਬਾਰੇ ਭਾਗਵਤ ਦੇ ਨਿਯਮ ਉਵੇਂ ਹੀ ਮੋਦੀ ਉੱਤੇ ਵੀ ਲਾਗੂ ਹੋਣਗੇ ਜਿਵੇਂ ਕਿ ਅਡਵਾਨੀ ਉੱਤੇ ਕੀਤੇ ਗਏ ਸਨ। ਇਕ ਹੋਰ ਸਖ਼ਤ ਸਵਾਲ ਵਿੱਚ ਉਨ੍ਹਾਂ ਪੁੱਛਿਆ ਕਿ ਜਦੋਂ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਸੀ ਕਿ ਭਾਜਪਾ ਨੂੰ ਹੁਣ ਆਰਐੱਸਐੱਸ ਦੀ ਲੋੜ ਨਹੀਂ ਹੈ, ਤਾਂ ਭਾਗਵਤ ਨੂੰ ਕਿਵੇਂ ਮਹਿਸੂਸ ਹੋਇਆ ਸੀ।
ਜਦੋਂ ਕੇਜਰੀਵਾਲ ਇਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਜੰਤਰ-ਮੰਤਰ ਤੋਂ ਮਹਿਜ਼ ਇਕ ਕਿਲੋਮੀਟਰ ਦੂਰ ਕਨਾਟ ਪਲੇਸ ਵਿੱਚ ਭਾਜਪਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ‘ਆਪ’ ਖ਼ਿਲਾਫ਼ ਮੁਜ਼ਾਹਰਾ ਕੀਤਾ। ਭਾਜਪਾ ਨੇ ਇਸੇ ਮੁੱਦੇ ’ਤੇ ਰਾਜਘਾਟ ਵਿਖੇ ਵੀ ਕੇਜਰੀਵਾਲ ਖ਼ਿਲਾਫ਼ ਇਕ ਹੋਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ, ਜੰਤਰ-ਮੰਤਰ ਵਿਖੇ ‘ਆਪ’ ਵਾਲੰਟੀਅਰ ਨੀਲੇ ਤੇ ਪੀਲੇ ਰੰਗਾਂ ਨਾਲ ਸਜੇ ਹੋਏ ਸਨ। ਰੈਲੀ ਵਾਲੇ ਸਥਾਨ ਦੇ ਆਸ-ਪਾਸ ਸੈਂਕੜੇ ਸਮਰਥਕਾਂ ਨੇ ਬੈਨਰ ਲਗਾਏ ਹੋਏ ਸਨ, ਜਿਨ੍ਹਾਂ ’ਤੇ ਕੇਜਰੀਵਾਲ ਨੂੰ ‘ਹਮ ਮੇਂ ਸੇ ਏਕ’ ਅਤੇ ਨਿਰਦੋਸ਼ ਦੱਸਿਆ ਗਿਆ। ਕੇਜਰੀਵਾਲ ਨੇ ਕਿਹਾ ਕਿ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਉਨ੍ਹਾਂ ਲਈ ‘ਅਗਨੀ ਪ੍ਰੀਖਿਆ’ ਹੈ ਅਤੇ ਜੇ ਲੋਕ ਸੋਚਦੇ ਹਨ ਕਿ ਉਹ ਬੇਇਮਾਨ ਹਨ ਤਾਂ ਉਨ੍ਹਾਂ ਨੂੰ ਵੋਟ ਨਾ ਦੇਣ।

Advertisement

ਕੀ ਸੇਵਾਮੁਕਤੀ ਦਾ ਨਿਯਮ ਮੋਦੀ ’ਤੇ ਲਾਗੂ ਨਹੀਂ ਹੁੰਦਾ?

ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ‘‘ਆਰਐੱਸਐੱਸ ਅਤੇ ਭਾਜਪਾ ਨੇ ਨਿਯਮ ਬਣਾਇਆ ਹੈ ਕਿ ਹਰੇਕ ਆਗੂ ਨੂੰ 75 ਸਾਲਾਂ ਦੀ ਉਮਰ ਵਿੱਚ ਸੇਵਾਮੁਕਤ ਕੀਤਾ ਜਾਵੇਗਾ। ਇਸ ਨੇਮ ਤਹਿਤ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਰਾਜ ਮਿਸ਼ਰਾ ਵਰਗੇ ਅਤੇ ਹੋਰਨਾਂ ਆਗੂਆਂ ਨੂੰ ਸੇਵਾਮੁਕਤ ਕੀਤਾ ਗਿਆ। ਹੁਣ (ਗ੍ਰਹਿ ਮੰਤਰੀ) ਅਮਿਤ ਸ਼ਾਹ ਕਹਿੰਦੇ ਹਨ ਕਿ ਇਹ ਨਿਯਮ ਮੋਦੀ ਜੀ ਉੱਤੇ ਲਾਗੂ ਨਹੀਂ ਹੁੰਦਾ।’’ ਉਨ੍ਹਾਂ ਭਾਗਵਤ ਨੂੰ ਸਵਾਲ ਕੀਤਾ, ‘‘ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ਕਿ ਜਿਹੜਾ ਨੇਮ ਅਡਵਾਨੀ ਜੀ ’ਤੇ ਲਾਗੂ ਕੀਤਾ ਗਿਆ ਉਹ ਮੋਦੀ ਜੀ ’ਤੇ ਲਾਗੂ ਨਹੀਂ ਹੁੰਦਾ ਹੈ?’’

Advertisement

Advertisement
Author Image

Advertisement