For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਵੱਲੋਂ ਤਿਹਾੜ ’ਚ ਆਤਮ-ਸਮਰਪਣ

07:40 AM Jun 03, 2024 IST
ਕੇਜਰੀਵਾਲ ਵੱਲੋਂ ਤਿਹਾੜ ’ਚ ਆਤਮ ਸਮਰਪਣ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ’ਚ ਆਤਮ-ਸਮਰਪਣ ਕਰਨ ਲਈ ਪੁੱਜਦੇ ਹੋਏ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੂਨ
ਚੋਣ ਪ੍ਰਚਾਰ ਲਈ ਤਿੰਨ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਖ਼ਤਮ ਹੋਣ ਦੇ ਨਾਲ‌ ਹੀ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਤਿਹਾੜ ਜੇਲ੍ਹ ਵਿੱਚ ਆਤਮ-ਸਮਰਪਣ ਕਰ ਦਿੱਤਾ। ਮੈਡੀਕਲ ਆਧਾਰ ’ਤੇ ਉਨ੍ਹਾਂ ਵੱਲੋਂ ਮੰਗੀ ਗਈ ਅੰਤਰਿਮ ਜ਼ਮਾਨਤ ’ਤੇ ਅਦਾਲਤ ਨੇ ਫ਼ੈਸਲਾ 5 ਜੂਨ ਤੱਕ ਰਾਖਵਾਂ ਰੱਖ ਲਿਆ ਸੀ। ਆਤਮ-ਸਮਰਪਣ ਕਰਨ ਤੋਂ ਪਹਿਲਾਂ ਕੇਜਰੀਵਾਲ ਪਤਨੀ ਸੁਨੀਤਾ ਕੇਜਰੀਵਾਲ, ਦਿੱਲੀ ਦੇ ਮੰਤਰੀਆਂ ਆਤਿਸ਼ੀ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਹੋਰ ਪਾਰਟੀ ਆਗੂਆਂ ਨਾਲ ਰਾਜਘਾਟ ਗਏ। ਉਨ੍ਹਾਂ ਕਨਾਟ ਪਲੇਸ ’ਚ ਹਨੂੰਮਾਨ ਮੰਦਰ ’ਚ ਮੱਥਾ ਵੀ ਟੇਕਿਆ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ,‘‘ਮੈਂਨੂੰ ਭ੍ਰਿਸ਼ਟਾਚਾਰ ਕਰਕੇ ਨਹੀਂ ਸਗੋਂ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਜੇਲ੍ਹ ਭੇਜਿਆ ਗਿਆ ਹੈ। ਮੈਨੂੰ ਸੁਪਰੀਮ ਕੋਰਟ ਨੇ 21 ਦਿਨ ਦੀ ਰਾਹਤ ਦਿੱਤੀ ਸੀ। ਇਹ 21 ਦਿਨ ਯਾਦਗਾਰੀ ਹੋ ਨਿਬੜੇ ਹਨ। ਮੈਂ ਇਕ ਮਿੰਟ ਵੀ ਬੇਕਾਰ ਨਹੀਂ ਜਾਣ ਦਿੱਤਾ ਅਤੇ ਦੇਸ਼ ਬਚਾਉਣ ਲਈ ਪ੍ਰਚਾਰ ਕੀਤਾ। ‘ਆਪ’ ਮਹੱਤਪੂਰਨ ਨਹੀਂ ਹੈ ਸਗੋਂ ਦੇਸ਼ ਪਹਿਲੇ ਨੰਬਰ ’ਤੇ ਆਉਂਦਾ ਹੈ।’’ ਸੂਤਰਾਂ ਮੁਤਾਬਕ ਕੇਜਰੀਵਾਲ ਨੇ ਆਪਣੀ ਗੈਰ-ਹਾਜ਼ਰੀ ਦੌਰਾਨ ਪਾਰਟੀ ਮੈਂਬਰਾਂ ਵਿੱਚ ਏਕਤਾ ਬਣਾਈ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਸਾਰੇ ਐਗਜ਼ਿਟ ਪੋਲਜ਼ ਨੂੰ ‘ਫ਼ਰਜ਼ੀ’ ਦੱਸਿਆ ਜਿਨ੍ਹਾਂ ’ਚ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਦੀ ਪੇਸ਼ੀਨਗੋਈ ਕੀਤੀ ਗਈ ਹੈ।

Advertisement

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ’ਚ ਆਤਮ-ਸਮਰਪਣ ਕਰਨ ਜਾਣ ਤੋਂ ਪਹਿਲਾਂ ਆਪਣੇ ਮਾਪਿਆਂ ਤੋਂ ਆਸ਼ੀਰਵਾਦ ਲੈਂਦੇ ਹੋਏ। -ਫੋਟੋ: ਏਐੱਨਆਈ

‘ਆਪ’ ਵਰਕਰਾਂ ਅਤੇ ਆਗੂਆਂ ਨੂੰ ਕੇਜਰੀਵਾਲ ਨੇ ਕਿਹਾ ਕਿ ਭਾਜਪਾ 4 ਜੂਨ ਨੂੰ ਸਰਕਾਰ ਬਣਾਉਣ ਨਹੀਂ ਜਾ ਰਹੀ ਹੈ ਅਤੇ ਚੋਣ ਸਰਵੇਖਣ ਸਿਰਫ਼ ਦਿਮਾਗੀ ਖੇਡਾਂ ਹਨ। ਉਨ੍ਹਾਂ ਪਾਰਟੀ ਕਾਰਕੁਨਾਂ ਅਤੇ ‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਤਕੀਦ ਕੀਤੀ ਕਿ ਉਹ ਵੋਟਾਂ ਦੀ ਗਿਣਤੀ ਦੌਰਾਨ ਉਮੀਦਵਾਰਾਂ ਦੇ ਹਾਰਨ ਦੀ ਸੰਭਾਵਨਾ ਦੇ ਬਾਵਜੂਦ ਪਹਿਲਾਂ ਉੱਠ ਕੇ ਨਾ ਆਉਣ ਸਗੋਂ ਵੀਵੀਪੈਟ ਮਸ਼ੀਨਾਂ ਦੀ ਪਰਚੀ ਅਤੇ ਬੈਲੇਟ ਪੇਪਰਾਂ ਦੀ ਗਿਣਤੀ ਦਾ ਮਿਲਾਨ ਕਰਵਾ ਕੇ ਹੀ ਕਾਊਂਟਿੰਗ ਕੇਂਦਰਾਂ ਤੋਂ ਬਾਹਰ ਆਉਣ ਕਿਉਂਕਿ ਉਨ੍ਹਾਂ ਦੀ ਗਿਣਤੀ ’ਚ ਫ਼ਰਕ ਹੋਣ ਕਾਰਨ ਉੱਥੇ ਚੋਣ ਰੱਦ ਕੀਤੀ ਜਾ ਸਕਦੀ ਹੈ। ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਜੇਲ੍ਹ ਵਿੱਚ ਕੁਝ ਵੀ ਹੋ ਜਾਂਦਾ ਹੈ ਤਾਂ ਉਹ ਉਦਾਸ ਨਾ ਹੋਣ। ਉਨ੍ਹਾਂ ਸੁਪਰੀਮ ਕੋਰਟ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਆਪਣੇ ਬਜ਼ੁਰਗ ਮਾਤਾ-ਪਿਤਾ ਲਈ ਪ੍ਰਾਰਥਨਾ ਕਰਨ ਦੀ ਵੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ ’ਤੇ 10 ਮਈ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਸੀ।

ਕੇਜਰੀਵਾਲ ਨੂੰ 5 ਜੂਨ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ: ਇਥੋਂ ਦੀ ਇਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ 5 ਜੂਨ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਤਿਹਾੜ ਜੇਲ੍ਹ ’ਚ ਅੱਜ ਆਤਮ-ਸਮਰਪਣ ਕਰਨ ਮਗਰੋਂ ਕੇਜਰੀਵਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਡਿਊਟੀ ਜੱਜ ਸੰਜੀਵ ਅਗਰਵਾਲ ਅੱਗੇ ਪੇਸ਼ ਕੀਤਾ ਗਿਆ। ਜੱਜ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖ਼ਲ ਅਰਜ਼ੀ ’ਤੇ ਇਹ ਹੁਕਮ ਸੁਣਾਇਆ ਜਿਸ ਨੇ ਨਿਆਂਇਕ ਹਿਰਾਸਤ 14 ਦਿਨ ਵਧਾਉਣ ਦੀ ਮੰਗ ਕੀਤੀ ਸੀ। ਈਡੀ ਨੇ ਇਹ ਅਰਜ਼ੀ 30 ਮਈ ਨੂੰ ਦਾਖ਼ਲ ਕੀਤੀ ਸੀ ਜਦਕਿ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਸੀ। ਅਦਾਲਤ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਸਿਹਤ ਦੇ ਆਧਾਰ ’ਤੇ ਕੇਜਰੀਵਾਲ ਵੱਲੋਂ ਮੰਗੀ ਗਈ ਅੰਤਰਿਮ ਜ਼ਮਾਨਤ ’ਤੇ 5 ਜੂਨ ਨੂੰ ਫ਼ੈਸਲਾ ਸੁਣਾਇਆ ਜਾਣਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×