ਕੇਜਰੀਵਾਲ ਨੂੰ ਯਮੁਨਾ ਦੇ ਪਾਣੀ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ: ਚੌਧਰੀ
ਪੱਤਰ ਪ੍ਰੇਰਕ
ਯਮੁਨਾ ਨਗਰ, 6 ਫਰਵਰੀ
ਹਰਿਆਣਾ ਦੀ ਸਿੰਜਾਈ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੁਤੀ ਚੌਧਰੀ ਯਮੁਨਾਨਗਰ ਦੇ ਹਥਨੀ ਕੁੰਡ ਬੈਰਾਜ ਪਹੁੰਚੀ। ਉਨ੍ਹਾਂ ਇੱਥੇ ਸਿੰਜਾਈ ਵਿਭਾਗ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕੇਜਰੀਵਾਲ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਕੇਜਰੀਵਾਲ ਨੂੰ ਯਮੁਨਾ ਦੇ ਪਾਣੀ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਕੰਮ ਨਹੀਂ ਕੀਤਾ। ਮੋਦੀ ਸਰਕਾਰ ਨੇ ਸੀਵਰੇਜ ਲਈ ਕੇਂਦਰ ਤੋਂ 8000 ਕਰੋੜ ਰੁਪਏ ਦਿੱਤੇ ਜੋ ਨਹੀਂ ਲਗਾਏ ਗਏ। ਉਨ੍ਹਾਂ ਕਿਹਾ ਕਿ ਹਰਿਆਣਾ ਸੂਬੇ ਵੱਲੋਂ ਦਿੱਲੀ ਨੂੰ ਪੂਰੀ ਤਰ੍ਹਾਂ ਸਾਫ਼ ਪਾਣੀ ਭੇਜਿਆ ਜਾਂਦਾ ਹੈ। ਸ਼ਰੁਤੀ ਚੌਧਰੀ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਸਿਰਫ਼ ਝੂਠ ਬੋਲਦੇ ਹਨ ਅਤੇ ਵਾਰ-ਵਾਰ ਝੂਠ ਬੋਲਣ ਨਾਲ ਕਿਸੇ ਕੰਮ ਨਹੀਂ ਆਉਂਦਾ। ਹਰਿਆਣਾ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਸਿੰਜਾਈ ਮੰਤਰੀ ਨੇ ਕਿਹਾ ਕਿ ਸਾਰੇ ਪੱਧਰਾਂ ’ਤੇ ਭਾਜਪਾ ਦੀ ਸਰਕਾਰ ਹੋਵੇਗੀ। ਅਨਿਲ ਵਿਜ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਸਿੰਜਾਈ ਮੰਤਰੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਮੁੱਖ ਮੰਤਰੀ ਸਭ ਦੀ ਸੁਣਦੇ ਹਨ। ਉਹ ਦਿਨ ਰਾਤ ਹਰਿਆਣਾ ਲਈ ਕੰਮ ਕਰਨ ਵਿੱਚ ਰੁੱਝੇ ਹੋਏ ਹਨ। ਸ਼ਰੁਤੀ ਚੌਧਰੀ ਨੇ ਕਿਹਾ ਕਿ ਹਰਿਆਣਾ ਦੇ ਹਰ ਖੇਤਰ ਵਿੱਚ ਪਾਣੀ ਦੀ ਸਪਲਾਈ ਲਈ ਕਈ ਤਰ੍ਹਾਂ ਦੇ ਪ੍ਰਾਜੈਕਟ ਬਣਾਏ ਜਾ ਰਹੇ ਹਨ। ਛੱਪੜਾਂ ਨੂੰ ਨਹਿਰਾਂ ਨਾਲ ਜੋੜਨ ਦੇ ਪ੍ਰਾਜੈਕਟ ਵੀ ਬਣਾਏ ਜਾ ਰਹੇ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਹਥਿਨੀਕੁੰਡ ਬੈਰਾਜ ਹਰਿਆਣਾ ਦੀ ਜੀਵਨ ਰੇਖਾ ਹੈ ਜਿਸ ਦਾ ਨਿਰਮਾਣ ਬੰਸੀ ਲਾਲ ਸਰਕਾਰ ਨੇ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ ਹੈ। ਸਿੰਜਾਈ ਮੰਤਰੀ ਨੇ ਅਧਿਕਾਰੀਆਂ ਨੂੰ ਹਰਿਆਣਾ ਵਿੱਚ ਸਿੰਜਾਈ ਪ੍ਰੋਜੈਕਟਾਂ ’ਤੇ ਤੇਜ਼ੀ ਨਾਲ ਕੰਮ ਕਰਨ ਅਤੇ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਸਿੰਜਾਈ ਵਿਭਾਗ ਹਰਿਆਣਾ ਦੇ ਸੀਨੀਅਰ ਅਧਿਕਾਰੀ, ਸਵਰਗੀ ਸੁਰੇਂਦਰ ਸਿੰਘ ਦੇ ਦੋਸਤ ਯਸ਼ ਅਰੋੜਾ, ਕ੍ਰਿਸ਼ਨਾ ਗੁਪਤਾ, ਪ੍ਰੋਫੈਸਰ ਹੁਕਮ ਸਿੰਘ, ਮਤਲੂਬ, ਇਸਲਾਮ, ਯੁਵਾ ਨੇਤਾ ਧਰੁਵ ਅਰੋੜਾ, ਰੌਬਿਨ ਕਪੂਰ, ਆਸ਼ੀਸ਼ ਮਲਹੋਤਰਾ, ਮੋਨੂੰ ਗਰੋਵਰ, ਚਿਰਾਗ, ਹਰਮੀਤ, ਗੌਰਵ ਜਲਹੋਤਰਾ ਵੀ ਮੌਜੂਦ ਸਨ।