ਕੇਜਰੀਵਾਲ ਹੁਸ਼ਿਆਰਪੁਰ ਦੇ ਵਿਪਾਸਨਾ ਕੇਂਦਰ ਪੁੱਜੇ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਦਸੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਿਆਨ ਲਾਉਣ ਦੇ 10 ਦਿਨ ਦੇ ਕੋਰਸ ਲਈ ਅੱਜ ਨੇੜਲੇ ਪਿੰਡ ਆਨੰਦਗੜ੍ਹ ਵਿੱਚ ਸਥਿਤ ਵਿਪਾਸਨਾ ਕੇਂਦਰ ਪੁੱਜ ਗਏ। ਇਸ ਤੋਂ ਪਹਿਲਾਂ ਆਦਮਪੁਰ ਹਵਾਈ ਅੱਡੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਦੋਵੇਂ ਆਗੂ ਚੌਹਾਲ ਦੇ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿੱਚ ਚਲੇ ਗਏ, ਜਿੱਥੇ ਉਨ੍ਹਾਂ ਕੁੱਝ ਸਮਾਂ ਬਿਤਾਇਆ।
ਭਲਕੇ ਸਵੇਰ ਤੋਂ 10 ਦਿਨ ਦਾ ਇਹ ਕੋਰਸ ਆਰੰਭ ਹੋ ਜਾਵੇਗਾ। ਇਸ ਦੌਰਾਨ ਬਾਕੀ ਸਾਧਕਾਂ ਦੀ ਤਰ੍ਹਾਂ ਕੇਜਰੀਵਾਲ ਦਾ ਬਾਹਰੀ ਦੁਨੀਆਂ ਨਾਲੋਂ ਸੰਪਰਕ ਟੁੱਟਿਆ ਰਹੇਗਾ। ਉਹ ਕਿਸੇ ਨਾਲ ਗੱਲਬਾਤ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਦੇ ਸਬੰਧ ਵਿੱਚ ਪੁੱਛਗਿਛ ਕਰਨ ਲਈ ਕੇਜਰੀਵਾਲ ਨੂੰ 21 ਦਸੰਬਰ ਲਈ ਸੰਮਨ ਭੇਜੇ ਸਨ ਪਰ ਵਿਪਾਸਨਾ ਕੇਂਦਰ ਆਉਣ ਕਰ ਕੇ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਜਾਣ-ਬੁੱਝ ਕੇ ਧਿਆਨ ਦਾ ਇਹ ਸਮਾਂ ਚੁਣਿਆ ਜਦੋਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਗਿਆ ਹੈ ਕਿ ਕੇਜਰੀਵਾਲ ਦਾ ਪ੍ਰੋਗਰਾਮ ਪਹਿਲਾਂ ਤੋਂ ਨਿਰਧਾਰਤ ਸੀ।
ਇਸ ਦੌਰਾਨ ਦੋ ਮੁੱਖ ਮੰਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੱਥੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਏਡੀਜੀਪੀ (ਸੁਰੱਖਿਆ) ਖੁਦ ਮੌਕੇ ’ਤੇ ਮੌਜੂਦ ਸਨ। ਵਿਪਾਸਨਾ ਕੇਂਦਰ ਦੇ ਬਾਹਰ ਕੱਲ੍ਹ ਤੋਂ ਹੀ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਹਨ।