ਕੇਜਰੀਵਾਲ ਵੱਲੋਂ ਮੁਲਾਜ਼ਮ ਦੇ ਵਾਰਸਾਂ ਨੂੰ ਇਕ ਕਰੋੜ ਦਾ ਮੁਆਵਜ਼ਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਅਗਸਤ
ਕੋਵਿਡ-19 ਦੀ ਜ਼ੱਦ ‘ਚ ਆਉਣ ਕਾਰਨ ਜਾਨ ਗੁਆਉਣ ਵਾਲੇ ਦਿੱਲੀ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮ ਰਾਜੂ ਦੇ ਪਰਿਵਾਰ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜਨੂੰ ਕਾ ਟਿੱਲਾ ਇਲਾਕੇ ਦੇ ਪਿੰਡ ਚੰਦਰਾਵਲ ਵਿੱਚ ਮੁਲਾਕਾਤ ਕਰ ਕੇ ਵਾਰਸਾਂ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਸ੍ਰੀ ਕੇਜਰੀਵਾਲ ਨੇ ਕਰੋਨਾ ਦੌਰਾਨ ਸਫ਼ਾਈ ਮੁਲਾਜ਼ਮ ਰਾਜੂ ਦੇ ਕਾਰਜਾਂ ਨੂੰ ਯਾਦ ਕੀਤਾ ਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਅਜਿਹੇ ਕਰੋਨਾ ਯੋਧਿਆਂ ’ਤੇ ਉਨ੍ਹਾਂ ਮਾਣ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਲੋਕਾਂ ਦੀ ਸੇਵਾ ਕੀਤੀ ਹੈ। ਇਸ ਮਗਰੋਂ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਜੂ ਐੱਮਸੀਡੀ ਦਾ ਮੁਲਾਜ਼ਮ ਸੀ ਤੇ ਨਗਰ ਨਿਗਮ ਦੇ ਕਰੋਨਾ ਹਸਪਤਾਲ ਹਿੰਦੂਰਾਓ ਵਿਖੇ ਡਿਊਟੀ ’ਤੇ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਉਹ ਕਰੋਨਾ ਦੀ ਜ਼ੱਦ ਵਿੱਚ ਆ ਗਿਆ ਤੇ ਇਲਾਜ ਦੌਰਾਨ ਰੱਬ ਨੂੰ ਪਿਆਰਾ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਉਸ ਦੀ ਜ਼ਿੰਦਗੀ ਤਾਂ ਵਾਪਸ ਨਹੀਂ ਲਿਆਂਦੀ ਜਾ ਸਕਦੀ ਪਰ ਇਸ ਰਕਮ ਨਾਲ ਪਰਿਵਾਰ ਨੂੰ ਥੋੜ੍ਹੀ ਮਦਦ ਜ਼ਰੂਰ ਮਿਲੇਗੀ।
ਇਸ ਮੌਕੇ ਚਾਂਦਨੀ ਚੌਕ ਤੋਂ ‘ਆਪ’ ਦੇ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਕਰੋਨਾ ਸੰਕਟ ਮੌਕੇ ਡਿਊਟੀ ’ਤੇ ਤਾਇਨਾਤ ਸਰਕਾਰੀ, ਅਰਧ ਸਰਕਾਰੀ, ਠੇਕੇ ਤੇ ਕੱਚੇ ਮੁਲਾਜ਼ਮਾਂ, ਡਾਕਟਰਾਂ, ਪੁਲੀਸ ਵਾਲੇ ਤੇ ਹੋਰ ਸਫ਼ਾਈ ਕਰਮਚਾਰੀਆਂ ਦੀ ਕੋਵਿਡ-19 ਕਾਰਨ ਮੌਤ ਹੋਣ ‘ਤੇ ਇਕ ਕਰੋੜ ਰੁਪਏ ਦੀ ਗ੍ਰਾਂਟ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ।
ਦਿੱਲੀ ਸਰਕਾਰ ਵੱਲੋਂ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ ਕੌਮੀ ਰਾਜਧਾਨੀ ਦਿੱਲੀ ਵਿੱਚ ਕੈੱਟਸ ਐਂਬੂਲੈਂਸਾਂ ਦੀ ਗਿਣਤੀ ਵਧਾ ਕੇ ਮਰੀਜ਼ਾਂ ਲਈ ਮੁਫ਼ਤ ਮਿਲਣ ਵਾਲੀ ਇਸ ਸੇਵਾ ਦਾ ਵਕਫ਼ਾ ਘਟਾ ਕੇ 18 ਮਿੰਟ ਤੱਕ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸਰਕਾਰੀ ਬੁਲਾਰੇ ਮੁਤਾਬਕ 15 ਮਈ ਇਹ ਵਕਫ਼ਾ ਕਰੀਬ 55 ਮਿੰਟ ਸੀ ਹੁਣ ਘੱਟ ਕੇ 18 ਮਿੰਟ ਤਕ ਸਿਮਟ ਗਿਆ ਹੈ। ਮੁੱਖ ਮੰਤਰੀ ਵੱਲੋਂ ਕਰੋਨਾ ਸੰਕਟ ਸਮੇਂ ਸਾਰੀਆਂ ਸੇਵਾਵਾਂ ਦੀ ਖ਼ੁਦ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਦਿੱਲੀ ਵਿੱਚ ਐਂਬੂਲੈਂਸਾਂ ਦੀ ਗਿਣਤੀ 160 ਤੋਂ ਵਧਾ ਕੇ 594 ਕੀਤੀ ਗਈ ਹੈ।