ਕੇਜਰੀਵਾਲ ਨੇ ਪ੍ਰਾਚੀਨ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਸਤੰਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ’ਚ ਬਜਰੰਗ ਬਲੀ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕਰਨ ਤੋਂ ਬਾਅਦ ਸਾਰਿਆਂ ਦੀ ਖੁਸ਼ਹਾਲੀ ਦਾ ਆਸ਼ੀਰਵਾਦ ਲਿਆ। ਜੇਲ੍ਹ ’ਚ ਬੰਦ ਅਰਵਿੰਦ ਕੇਜਰੀਵਾਲ ਪੰਜ ਮਹੀਨੇ ਬਾਅਦ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਬਜਰੰਗ ਬਲੀ ਦੇ ਦਰਸ਼ਨ ਕਰਨ ਲਈ ਬਾਹਰ ਆਏ। ਮੰਦਰ ਦੇ ਮਹੰਤ ਨੇ ਕੇਜਰੀਵਾਲ ਨੂੰ ਤਿਲਕ ਲਗਾਇਆ ਅਤੇ ਬਜਰੰਗ ਬਲੀ ਦੀ ਗਦਾ ਅਤੇ ਤਿਕੋਣਾ ਝੰਡਾ ਭੇਟ ਕੀਤਾ। ਇਸ ਦੌਰਾਨ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸੰਜੈ ਸਿੰਘ, ਮੰਤਰੀ ਸੌਰਭ ਭਾਰਦਵਾਜ ਨੇ ਵੀ ਪੂਜਾ ਅਰਚਨਾ ਕੀਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ’ਤੇ ਬਜਰੰਗ ਬਲੀ ਦੇ ਦਰਸ਼ਨ ਕਰਨ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ, ‘‘ਅਨਿਆਂ ਦੇ ਖ਼ਿਲਾਫ਼ ਇਸ ਸੰਘਰਸ਼ ਵਿੱਚ ਹਨੂੰਮਾਨ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਉੱਤੇ ਬਣਿਆ ਰਹੇ। ਸਾਰਿਆਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਪ੍ਰਮਾਤਮਾ ਦੇਸ਼ ਨੂੰ ਬਚਾਉਣ ਦੀ ਇਸ ਲੜਾਈ ਵਿੱਚ ਸਾਡੇ ਸਾਰਿਆਂ ਦੀ ਹਿੰਮਤ ਬਰਕਰਾਰ ਰੱਖੇ।’’ ਪਾਰਟੀ ਨੇ ਕਿਹਾ ਕਿ ਝੂਠਾ ਕੇਸ ਅਤੇ ਤਾਨਾਸ਼ਾਹੀ ਦਾ ਸਾਹਮਣਾ ਕਰਨ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਦੇ ਪ੍ਰਾਚੀਨ ਹਨੂੰਮਾਨ ਮੰਦਰ ’ਚ ਜਾ ਕੇ ਹਨੂੰਮਾਨ ਅਤੇ ਭਗਵਾਨ ਭੋਲੇਨਾਥ ਦੀ ਪੂਜਾ ਕੀਤੀ ਅਤੇ ਸਾਰੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਸਬੰਧੀ ਮਨੀਸ਼ ਸਿਸੋਦੀਆ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਿਸੋਦੀਆ ਨੇ ਲਿਖਿਆ, ‘ਇਹ ਹਨੂੰਮਾਨ ਦੀ ਕਿਰਪਾ ਸਦਕਾ ਹੀ ਹੈ ਕਿ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਅਤੇ ਅਸੀਂ ਸਾਰੇ ਤੁਹਾਡੇ ਵਿਚਕਾਰ ਹਾਂ। ਭਗਵਾਨ ਬਜਰੰਗ ਬਲੀ ਸਾਰੇ ਦਿੱਲੀ ਵਾਸੀਆਂ ’ਤੇ ਆਪਣਾ ਆਸ਼ੀਰਵਾਦ ਦੇਵੇ ਅਤੇ ਸਾਰਿਆਂ ਦੇ ਦੁੱਖ ਦੂਰ ਕਰੇ।’
ਕੇਜਰੀਵਾਲ ਵੱਲੋਂ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਦਾ ਧੰਨਵਾਦ
ਕੇਜਰੀਵਾਲ ਸ਼ਰਾਬ ਘੁਟਾਲੇ ਨਾਲ ਜੁੜੇ ਇਸ ਪੇਚੀਦਾ ਮੁਕੱਦਮੇ ’ਚ ਉਨ੍ਹਾਂ ਦੀ ਮਦਦ ਕਰ ਰਹੇ ਸੀਨੀਅਰ ਆਗੂ ਤੇ ਆਪਣੇ ਵਕੀਲ ਡਾ. ਅਭਿਸ਼ੇਕ ਮੰਨੂ ਸਿੰਘਵੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲਣ ਗਏ ਤੇ ਕਾਨੂੰਨੀ ਸਲਾਹ ਤੇ ਅਦਾਲਤੀ ਲੜਾਈ ਲਈ ਸਾਥ ਦੇਣ ਲਈ ਸਿੰਘਵੀ ਦਾ ਧੰਨਵਾਦ ਕੀਤਾ। ਉਨ੍ਹਾਂ ਨਾਲ ਸੁਨੀਤਾ ਕੇਜਰੀਵਾਲ ਵੀ ਸੀ। ਸਿੰਘਵੀ ਵੱਲੋਂ ਇਸ ਮੁੱਕਦਮੇ ਵਿੱਚ ਸ਼ੁਰੂ ਤੋਂ ਤੇਜ਼ੀ ਨਾਲ ਪੈਰਵੀ ਕੀਤੀ ਗਈ ਤੇ ‘ਆਪ’ ਦੇ ਕਈ ਆਗੂਆਂ ਨੂੰ ਜ਼ਮਾਨਤਾਂ ਦਿਲਵਾਈਆਂ ਜੋ ਕਥਿਤ ਸ਼ਰਾਬ ਘੁਟਾਲੇ ਵਿੱਚ ਈਡੀ ਅਤੇ ਫਿਰ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ। ਡਾ. ਅਭਿਸ਼ੇਕ ਮੰਨੂ ਸਿੰਘਵੀ ਆਪਣੀਆਂ ਦਲੀਲਾਂ ਨਾਲ ਅਦਾਲਤ ਨੂੰ ਇਸ ਮੁੱਕਦਮੇ ਦੇ ਸਿਆਸੀ ਨਜ਼ਰੀਏ ਨੂੰ ਪੇਸ਼ ਕਰਨ ਵਿੱਚ ਸਫਲ ਰਹੇ।
ਅੱਜ ‘ਆਪ’ ਵਰਕਰਾਂ ਨੂੰ ਸੰਬੋਧਨ ਕਰਨਗੇ ਕੇਜਰੀਵਾਲ: ਸੰਦੀਪ ਪਾਠਕ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਸਵੇਰੇ ਪਾਰਟੀ ਹੈੱਡਕੁਆਰਟਰ ਵਿੱਚ ਵਰਕਰਾਂ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣਨ ਲਈ ਲੁਟੀਅਨ ਜ਼ੋਨ ਦੇ ਪੰਡਿਤ ਰਵੀ ਸ਼ੰਕਰ ਸ਼ੁਕਲਾ ਲੇਨ ਮਾਰਗ ’ਤੇ ਸਥਿਤ ਪਾਰਟੀ ਹੈੱਡਕੁਆਰਟਰ ’ਤੇ ਦਿੱਲੀ ’ਚੋਂ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਮਰਥਕ ਇਕੱਠੇ ਹੋਣਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ‘ਆਪ’ ਦੇ ਕੌਮੀ ਜਨਰਲ ਸਕੱਤਰ ਸੰਗਠਨ ਡਾ. ਸੰਦੀਪ ਪਾਠਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਆਉਣ ਨਾਲ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਹੈ ਅਤੇ ਉਹ ਪਹਿਲਾਂ ਨਾਲੋਂ ਸੌ ਗੁਣਾ ਵੱਧ ਤਾਕਤ ਨਾਲ ਦੇਸ਼ ਹਿੱਤ ’ਚ ਕੰਮ ਕਰਨ ਲਈ ਤਿਆਰ ਹਨ।