For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਆਧੁਨਿਕ ਆਜ਼ਾਦੀ ਘੁਲਾਟੀਆ: ਕੈਲਾਸ਼ ਗਹਿਲੋਤ

08:12 AM Aug 17, 2024 IST
ਕੇਜਰੀਵਾਲ ਆਧੁਨਿਕ ਆਜ਼ਾਦੀ ਘੁਲਾਟੀਆ  ਕੈਲਾਸ਼ ਗਹਿਲੋਤ
ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਕੈਲਾਸ਼ ਗਹਿਲੋਤ। -ਫੋਟੋ: ਪੀਟੀਆਈ
Advertisement

ਮਨਧੀਰ ਦਿਓਲ
ਨਵੀਂ ਦਿੱਲੀ, 16 ਅਗਸਤ
ਦਿੱਲੀ ਦੇ ਗ੍ਰਹਿ ਮੰਤਰੀ ਕੈਲਾਸ਼ ਗਹਿਲੋਤ ਨੇ ਛਤਰਸਾਲ ਸਟੇਡੀਅਮ ਵਿੱਚ ਕਰਵਾਏ ਗਏ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਗ੍ਹਾ ਉਨ੍ਹਾਂ ਦੇ ਨੁਮਾਇੰਦੇ ਵਜੋਂ ਤਿਰੰਗਾ ਲਹਿਰਾਇਆ। ਇਸ ਮੌਕੇ ਕੈਲਾਸ਼ ਗਹਿਲੋਤ ਨੇ ਪਰੇਡ ਤੋਂ ਸਲਾਮੀ ਲਈ ਅਤੇ ਖੁੱਲ੍ਹੀ ਜੀਪ ਵਿੱਚ ਪਰੇਡ ਦੀਆਂ ਵੱਖ-ਵੱਖ ਟੁਕੜੀਆਂ ਦਾ ਨਿਰੀਖਣ ਕੀਤਾ। ਉਨ੍ਹਾਂ ਦਿੱਲੀ ਸਮੇਤ ਪੂਰੇ ਦੇਸ਼ ਨੂੰ ਆਜ਼ਾਦੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਆਧੁਨਿਕ ਆਜ਼ਾਦੀ ਘੁਲਾਟੀਏ ਹਨ। ਇਸ ਮੌਕੇ ਕੈਬਨਿਟ ਮੰਤਰੀ ਆਤਿਸ਼ੀ, ਗੋਪਾਲ ਰਾਏ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਵੀ ਮੌਜੂਦ ਸਨ।
ਗਹਿਲੋਤ ਨੇ ਕਿਹਾ ਕਿ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਲਈ ਕੰਮ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਦਿੱਲੀ ਦੇ ਅਧਿਕਾਰੀਆਂ ਦੀ ਬਦਲੀ ਕਰਨ ਦਾ ਅਧਿਕਾਰ ਕੇਜਰੀਵਾਲ ਨੂੰ ਦਿੱਤਾ ਸੀ ਪਰ ਕਾਨੂੰਨ ਲਿਆ ਕੇ ਇਸ ਨੂੰ ਖੋਹ ਲਿਆ ਗਿਆ। ਉਨ੍ਹਾਂ ਕਿਹਾ, ‘ਦਿੱਲੀ ਸਰਕਾਰ ਦੇ ਸਾਰੇ ਅਧਿਕਾਰ ਖੋਹ ਲਏ ਗਏ, ਇਸ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਦਾ ਕੋਈ ਕੰਮ ਨਹੀਂ ਰੁਕਣ ਦਿੱਤਾ। ਕੇਜਰੀਵਾਲ ਵੱਲੋਂ ਮੈਂ ਦਿੱਲੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਮੁਫਤ ਬਿਜਲੀ, ਪਾਣੀ, ਸਿੱਖਿਆ, ਇਲਾਜ ਅਤੇ ਔਰਤਾਂ ਲਈ ਮੁਫ਼ਤ ਬੱਸ ਸੇਵਾ ਜਾਰੀ ਰਹੇਗੀ।’’
ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੇ ਸੰਵਿਧਾਨ ਦੀ ਬਦੌਲਤ ਮਨੀਸ਼ ਸਿਸੋਦੀਆ ਜੇਲ੍ਹ ਤੋਂ ਰਿਹਾਅ ਹੋਏ। ਜਲਦੀ ਹੀ ਕੇਜਰੀਵਾਲ ਵੀ ‘ਆਜ਼ਾਦ’ ਹੋ ਕੇ ਝੰਡਾ ਲਹਿਰਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਦਾ ਇਕਲੌਤਾ ਸ਼ਹਿਰ ਹੈ ਜਿੱਥੇ 24 ਘੰਟੇ ਬਿਜਲੀ ਮਿਲਦੀ ਹੈ ਜਦੋਂ ਕਿ ਨੋਇਡਾ-ਹਰਿਆਣਾ ਨੂੰ ਲੰਬੇ ਸਮੇਂ
ਤੋਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਤਰ੍ਹਾਂ ਦਿੱਲੀ ਸਰਕਾਰ ਨੇ ਬਾਬਰਪੁਰ ਬੱਸ ਟਰਮੀਨਲ ’ਤੇ ਤਿਰੰਗਾ ਉਤਸਵ ਕਰਵਾ ਕੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕੀਤਾ। ਇਹ ਪ੍ਰੋਗਰਾਮ ਦਿੱਲੀ ਸਰਕਾਰ ਦੇ ਫਰੀਡਮ ਫਾਈਟਰਜ਼ ਸੈੱਲ ਵੱਲੋਂ ਬਾਬਰਪੁਰ ਬੱਸ ਟਰਮੀਨਲ ਨੇੜੇ ਕਰਵਾਇਆ ਗਿਆ, ਜਿਸ ਵਿੱਚ ਵਾਤਾਵਰਨ ਤੇ ਆਮ ਪ੍ਰਸ਼ਾਸਨ ਵਿਭਾਗ ਦੇ ਮੰਤਰੀ ਗੋਪਾਲ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗੋਪਾਲ ਰਾਏ ਨੇ ਕਿਹਾ ਕਿ ਤਿਰੰਗਾ ਸਾਡੇ ਸਾਰਿਆਂ ਦੀ ਕੌਮੀ ਪਛਾਣ ਦਾ ਪ੍ਰਤੀਕ ਹੈ। ਤਿਰੰਗਾ ਆਜ਼ਾਦੀ ਘੁਲਾਟੀਆਂ ਲਈ ਪ੍ਰੇਰਨਾਦਾਇਕ ਸੀ ਅਤੇ ਆਜ਼ਾਦੀ ਦੇ ਸੰਕਲਪ ਨੂੰ ਜਗਾਉਂਦਾ ਸੀ।
ਰਤੀਆ (ਪੱਤਰ ਪ੍ਰੇਰਕ): ਸਰਕਾਰੀ ਮਹਿਲਾ ਕਾਲਜ ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਚੇਅਰਮੈਨ ਜੈ ਸਿੰਘ ਪਾਲ ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਇਸ ਦੌਰਾਨ ਮੁੱਖ ਮਹਿਮਾਨ ਜੈ ਸਿੰਘ ਪਾਲ ਨੇ ਸਬ-ਡਵੀਜ਼ਨ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਰ ਭਾਰਤੀ ਲਈ ਖੁਸ਼ੀ ਅਤੇ ਮਾਣ ਦਾ ਦਿਨ ਹੈ। ਇਸ ਦੌਰਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਨਾਗਰਿਕਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਰਤੀਆ ਦੇ ਐੱਸਡੀਐੱਮ ਜਗਦੀਸ਼ ਚੰਦਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਡੀਐੱਸਪੀ, ਜਗਦੀਸ਼ ਕਾਜਲਾ, ਤਹਿਸੀਲਦਾਰ ਵਿਜੈ ਕੁਮਾਰ, ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement