ਕੇਜਰੀਵਾਲ ਨੂੰ ਜੇਲ੍ਹ ਵਿਚ ਪਰਿਵਾਰ ਨਾਲ ਮੁਲਾਕਾਤ ਤੋਂ ਰੋਕਿਆ ਜਾ ਰਿਹੈ: ਸੰਜੈ ਸਿੰਘ
ਨਵੀਂ ਦਿੱਲੀ, 13 ਅਪਰੈਲ
ਸੀਨੀਅਰ ‘ਆਪ’ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿਚ ਆਪਣੇ ਪਰਿਵਾਰ ਨਾਲ ਮੁਲਾਕਾਤ ਤੋਂ ਰੋਕਿਆ ਜਾ ਰਿਹਾ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ, ‘‘ਮੁੱਖ ਮੰਤਰੀ ਕੇਜਰੀਵਾਲ ਦਾ ਹੌਸਲਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਹ ਉਨ੍ਹਾਂ ਨੂੰ ਜੰਗਲੇ ਰਾਹੀਂ ਹੀ ਮਿਲ ਸਕਦੇ ਹਨ। ਇਹ ਗ਼ੈਰ-ਮਨੁੱਖੀ ਹੈ। ਕੱਟੜ ਅਪਰਾਧੀਆਂ ਨੂੰ ਵੀ ਨਿੱਜੀ ਮੁਲਾਕਾਤ ਦੀ ਖੁੱਲ੍ਹ ਦਿੱਤੀ ਜਾਂਦੀ ਹੈ।’’ ‘ਮੁਲਕਾਤ ਜੰਗਲਾ’ ਲੋਹੇ ਦੀ ਇਕ ਜਾਲੀ ਹੁੰਦੀ ਹੈ ਜਿਸ ਦੇ ਇਕ ਪਾਸੇ ਜੇਲ੍ਹ ਵਿਚ ਬੰਦ ਸ਼ਖ਼ਸ ਤੇ ਦੂਜੇ ਪਾਸੇ ਉਸ ਨੂੰ ਮਿਲਣ ਆਏ ਲੋਕ ਹੁੰਦੇ ਹਨ। ਉਹ ਇਸ ਜਾਲੀ ਰਾਹੀਂ ਇਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਸਿੰਘ ਦੇ ਉਪਰੋਕਤ ਦਾਅਵਿਆਂ ਨੂੰ ਲੈ ਕੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਹਾਲਾਂਕਿ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ। ਸਿੰਘ ਨੇ ਕਿਹਾ, ‘‘ਇਸੇ ਤਿਹਾੜ ਜੇਲ੍ਹ ਵਿਚ ਕਈ ਬੈਠਕਾਂ ਹੋਈਆਂ ਹਨ, ਪਰ ਅਰਵਿੰਦ ਕੇਜਰੀਵਾਲ, ਜੋ ਤਿੰਨ ਵਾਰ ਚੁਣੇ ਹੋਏ ਮੁੱਖ ਮੰਤਰੀ ਹਨ, ਦਾ ਅਨਾਦਰ ਕਰਕੇ ਇਕ ਜੰਗਲੇ ਰਾਹੀਂ ਆਪਣੇ ਪਰਿਵਾਰ ਨੂੰ ਮਿਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਜੇਲ੍ਹ ਵਿਚ ਬੰਦ ਕੇਜਰੀਵਾਲ ਤੋਂ ਉਸ ਦੇ ਅਧਿਕਾਰ ਖੋਹੇ ਜਾ ਰਹੇ ਹਨ।’’ ਕਾਬਿਲੇਗੌਰ ਹੈ ਕਿ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਛੇ ਮਹੀਨੇ ਤੋਂ ਵੱਧ ਸਮਾਂ ਜੇਲ੍ਹ ਵਿਚ ਰਹਿਣ ਮਗਰੋਂ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ‘ਆਪ’ ਆਗੂ ਸੰਜੈ ਸਿੰਘ ਨੂੰ ਜ਼ਮਾਨਤ ਦਿੱਤੀ ਸੀ।
ਤਿਹਾੜ ਜੇਲ੍ਹ ਵਿਚ ਬੰਦ ਕੇਜਰੀਵਾਲ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਨਾਲ 15 ਅਪਰੈਲ ਨੂੰ ਮੁਲਾਕਾਤ ਕਰਨਗੇ। ਜੇਲ੍ਹ ਅਥਾਰਿਟੀਜ਼ ਮੁਤਾਬਕ ਮਾਨ ‘ਆਪ’ ਕਨਵੀਨਰ ਨਾਲ ਇਕ ਆਮ ਵਿਜ਼ਿਟਰ ਵਾਂਗ ‘ਮੁਲਾਕਾਤ ਜੰਗਲਾ’ ਵਿਚ ਹੀ ਮਿਲ ਸਕਣਗੇ।
ਸੰਜੈ ਸਿੰਘ ਨੂੰ ਜੇਲ੍ਹ ਮੈਨੂਅਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ: ਸੱਚਦੇਵਾ
ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੰਜੈ ਸਿੰਘ ਨੂੰ ‘ਜੇਲ੍ਹ ਮੈਨੂਅਲ (ਨਿਯਮਾਂ) ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਉਥੇ ਕਈ ਮਹੀਨੇ ਕੱਟਣ ਮਗਰੋਂ ਹਾਲ ਹੀ ਵਿਚ ਬਾਹਰ ਆਏ ਹਨ।’’ ਸੱਚਦੇਵਾ ਨੇ ਕਿਹਾ ਕਿ ਜੇਲ੍ਹ ਮੈਨੂਅਲ ਦੇ ਨੇਮ 602 ਮੁਤਾਬਕ ਜੇਲ੍ਹ ਵਿਚ ਬੰਦ ਸ਼ਖ਼ਸ ਤੇ ਉਸ ਨੂੰ ਮਿਲਣ ਆਉਣ ਵਾਲੇ ਵਿਅਕਤੀਆਂ ਨੂੰ ਇਕ ਜਾਲੀਦਾਰ ਸਕਰੀਨ ਦੇ ਦੁਆਲੇ ਬਿਠਾ ਕੇ ਮਿਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਉਨ੍ਹਾਂ ਲੋਕਾਂ ਨੂੰ ਹੀ ਮਿਲ ਰਹੇ ਹਨ ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦੇ ਹਨ। -ਪੀਟੀਆਈ