ਕੇਜਰੀਵਾਲ ਰਾਖਵੇਂਕਰਨ, ਦਲਿਤਾਂ ਤੇ ਪੱਛੜਿਆਂ ਖ਼ਿਲਾਫ਼: ਰਾਹੁਲ
ਨਵੀਂ ਦਿੱਲੀ, 29 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਰਾਖਵੇਂਕਰਨ, ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੇ ਵਰਗਾਂ ਦੇ ਖ਼ਿਲਾਫ਼ ਹਨ। ਬਵਾਨਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਹੀਂ ਡਰਦੀ ਪਰ ਇਸ ਤੋਂ ਉਲਟ ਮੋਦੀ ਕਾਂਗਰਸ ਤੋਂ ਡਰਦੇ ਹਨ। ‘ਸ਼ੀਸ਼ ਮਹਿਲ’ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਭਾਵੇਂ ਕੇਜਰੀਵਾਲ ਸਾਫ਼-ਸੁਥਰੇ ਸ਼ਾਸਨ ਦੀ ਗੱਲ ਕਰਦੇ ਸਨ ਪਰ ਦਿੱਲੀ ਵਿੱਚ ‘ਸਭ ਤੋਂ ਵੱਡਾ ਘੁਟਾਲਾ’ ਉਨ੍ਹਾਂ ਦੀ ਨਿਗਰਾਨੀ ਹੇਠ ਹੋਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਯਮੁਨਾ ਦਾ ਪਾਣੀ ਪੀਣ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਤੋਂ ਮੁੱਕਰ ਗਏ ਹਨ। ਉਨ੍ਹਾਂ ਕੇਜਰੀਵਾਲ ਨੂੰ ਯਮੁਨਾ ਦਾ ਪਾਣੀ ਪੀਣ ਦੀ ਚੁਣੌਤੀ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਜਰੀਵਾਲ ਦੋਵੇਂ ਰਾਖਵੇਂਕਰਨ, ਦਲਿਤਾਂ, ਘੱਟ ਗਿਣਤੀਆਂ, ਪੱਛੜੇ ਵਰਗਾਂ ਅਤੇ ਗਰੀਬਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ, ‘ਕੇਜਰੀਵਾਲ ਨੂੰ ਸਪੱਸ਼ਟ ਤੌਰ ’ਤੇ ਕਹਿਣਾ ਚਾਹੀਦਾ ਹੈ ਕਿ ਉਹ ਜਾਤੀ ਆਧਾਰਤ ਜਨਗਣਨਾ ਕਰਵਾਉਣਗੇ ਅਤੇ ਰਾਖਵੇਂਕਰਨ ਦੀ 50 ਫੀਸਦ ਦੀ ਹੱਦ ਤੋੜ ਦੇਣਗੇ, ਪਰ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਉਹ ਦਲਿਤਾਂ, ਪੱਛੜੇ ਵਰਗਾਂ ਅਤੇ ਘੱਟ ਗਿਣਤੀਆਂ ਦੇ ਵਿਰੁੱਧ ਹਨ। ਜਦੋਂ ਦੰਗੇ ਹੋ ਰਹੇ ਸਨ, ਤਾਂ ਉਹ ਕਿੱਥੇ ਸਨ। ਕੀ ਉਹ ਤੁਹਾਡੇ ਨਾਲ ਖੜ੍ਹੇ ਸਨ?’
ਰਾਹੁਲ ਨੇ ਕਿਹਾ ਕਿ ਕੇਜਰੀਵਾਲ ਮਫਲਰ ਪਾ ਕੇ ਛੋਟੀ ਕਾਰ ਵਿੱਚ ਘੁੰਮਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਉਹ ਸਾਫ਼-ਸੁਥਰੀ ਰਾਜਨੀਤੀ ਕਰਨਗੇ ਪਰ ਦਿੱਲੀ ਵਿੱਚ ਕਰੋੜਾਂ ਰੁਪਏ ਦਾ ਸਭ ਤੋਂ ਵੱਡਾ ਘੁਟਾਲਾ ਉਨ੍ਹਾਂ ਦੀ ਪਾਰਟੀ ਅਤੇ ਉਨ੍ਹਾਂ ਦੇ ਲੋਕਾਂ ਨੇ ਕੀਤਾ। ਕਾਂਗਰਸ ਆਗੂ ਨੇ ਕਿਹਾ ਕਿ ਆਪਣੇ ਭਾਸ਼ਣਾਂ ਵਿੱਚ ਮੋਦੀ ਝੂਠ ਬੋਲਦੇ ਹਨ। ਕੇਜਰੀਵਾਲ ਵੀ ਅਜਿਹਾ ਹੀ ਕਰਦੇ ਹਨ। ਉਨ੍ਹਾਂ ਕਿਹਾ, ‘ਜਦੋਂ ਦਿੱਲੀ ਵਿੱਚ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਜਾਤੀ ਆਧਾਰਤ ਜਨਗਣਨਾ ਕਰਾਵਾਂਗੇ ਅਤੇ ਰਾਖਵੇਂਕਰਨ ’ਤੇ 50 ਫੀਸਦ ਦੀ ਹੱਦ ਖ਼ਤਮ ਕਰ ਦੇਵਾਂਗੇ।’ -ਪੀਟੀਆਈ