ਕੇਜਰੀਵਾਲ ਵੱਲੋਂ ਸ਼ਾਸਤਰੀ ਪਾਰਕ ਤੇ ਸੀਲਮਪੁਰ ਫਲਾਈਓਵਰਾਂ ਦਾ ਜਾਇਜ਼ਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜੁਲਾਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਸਾਰੀ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸ਼ਾਸਤਰੀ ਪਾਰਕ ਤੇ ਸੀਲਮਪੁਰ ਵਿੱਚ ਬਣ ਰਹੇ ਫਲਾਈਓਵਰਾਂ ਦਾ ਦੌਰਾ ਕੀਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸ਼ਹਿਰੀ ਵਿਕਾਸ ਮੰਤਰੀ ਸਤਿੰਦਰ ਜੈਨ ਵੀ ਸਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਕੋਵਿਡ-19 ਕਾਰਨ ਫਲਾਈਓਵਰ ਦੇ ਨਿਰਮਾਣ ਨੂੰ ਪੂਰਾ ਹੋਣ ਵਿੱਚ ਤਕਰੀਬਨ ਡੇਢ ਮਹੀਨਾ ਜ਼ਿਆਦਾ ਲੱਗੇਗਾ। ਜਦੋਂਕਿ ਇਹ ਅਗਸਤ ਵਿਚ ਤਿਆਰ ਹੋਣਾ ਤੈਅ ਕੀਤਾ ਗਿਆ ਸੀ। ਹਾਲਾਂਕਿ ਸਿੱਧੇ ਭਾਗ ਦਾ ਉਦਘਾਟਨ ਅਗਸਤ ਵਿੱਚ ਕੀਤਾ ਜਾਵੇਗਾ। ਇਸ ਫਲਾਈਓਵਰ ਦੀ ਉਸਾਰੀ ’ਤੇ 303 ਕਰੋੜ ਰੁਪਏ ਦੀ ਲਾਗਤ ਆਉਣੀ ਸੀ, ਪਰ ਇਹ ਸਿਰਫ਼ 250 ਕਰੋੜ ਵਿੱਚ ਹੀ ਤਿਆਰ ਹੋ ਜਾਵੇਗਾ। ਕੋਵਿਡ -19 ਫਲਾਈਓਵਰ ਦੇ ਨਿਰਮਾਣ ਵਿਚ ਥੋੜ੍ਹੀ ਦੇਰੀ ਕਾਰਨ ਆਈ ਹੈ। ਇਸ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਫਲਾਈਓਵਰ ਦੀ ਪ੍ਰਗਤੀ ਦੀ ਪੂਰੀ ਰਿਪੋਰਟ ਮੁੱਖ ਮੰਤਰੀ ਤੇ ਸ਼ਹਿਰੀ ਵਿਕਾਸ ਮੰਤਰੀ ਸਾਹਮਣੇ ਰੱਖੀ। ਅਧਿਕਾਰੀਆਂ ਨੇ ਦੱਸਿਆ ਕਿ ਫਲਾਈਓਵਰ ਦੀ ਉਸਾਰੀ ਤੈਅ ਸਮੇਂ ਦੇ ਅੰਦਰ ਕੀਤੀ ਜਾ ਰਹੀ ਸੀ ਤੇ ਕੰਮ ਤੇਜ਼ ਰਫਤਾਰ ਨਾਲ ਚੱਲ ਰਿਹਾ ਸੀ ਪਰ ਕੋਵਿਡ -19 ਦੇ ਕਾਰਨ ਨਿਰਮਾਣ ਕਾਰਜ ਹੌਲੀ ਹੋ ਗਿਆ। ਹਾਲਾਂਕਿ ਕੰਮ ਹੁਣ ਤੇਜ਼ੀ ਨਾਲ ਚੱਲ ਰਿਹਾ ਹੈ।