ਕੇਜਰੀਵਾਲ ਵੱਲੋਂ ਸਿੱਖਿਆ ਵਿਭਾਗ ਵਿੱਚ ਕਈ ਅਧਿਕਾਰੀਆਂ ਦੀ ਨਿਯੁਕਤੀ ’ਤੇ ਰੋਕ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸਿੱਖਿਆ ਵਿਭਾਗ ਵਿੱਚ ਕੁਝ ਅਧਿਕਾਰੀਆਂ ਦੀ ਨਿਯੁਕਤੀ ‘ਤੇ ਰੋਕ ਲਗਾ ਦਿੱਤੀ ਹੈ। ਨਿਯੁਕਤੀ ‘ਤੇ ਰੋਕ ਸਬੰਧੀ ਅਧਿਕਾਰੀਆਂ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਅਧਿਕਾਰੀਆਂ ਨਾਲ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਨੈਸ਼ਨਲ ਕੈਪੀਟਲ ਸਿਵਲ ਸਰਵਿਸ ਅਥਾਰਟੀ (ਐਨਸੀਸੀਐਸਏ) ਦੀ ਦੂਜੀ ਮੀਟਿੰਗ ਵਿੱਚ ਨਿਯੁਕਤੀਆਂ ਨਾਲ ਸਬੰਧਤ ਤਿੰਨ ਮਾਮਲਿਆਂ ‘ਤੇ ਅਧਿਕਾਰੀਆਂ ਨਾਲ ਚਰਚਾ ਕੀਤੀ। ਐਨਸੀਸੀਐਸਏ ਦੀ ਪਹਿਲੀ ਮੀਟਿੰਗ 20 ਜੂਨ ਨੂੰ ਹੋਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੀ ਮੀਟਿੰਗ ਵਿੱਚ ਸਾਹਮਣੇ ਆਏ ਇੱਕ ਹੋਰ ਮਾਮਲੇ ਵਿੱਚ ਸਿੱਖਿਆ ਵਿਭਾਗ ਵਿੱਚੋਂ ਕੁਝ ਕਾਬਲ ਅਫ਼ਸਰਾਂ ਨੂੰ ਹਟਾਉਣ ਦੀ ਤਜਵੀਜ਼ ਸੀ ਜਿਸ ‘ਤੇ ਮੁੱਖ ਮੰਤਰੀ ਨੇ ਵੀ ਇਤਰਾਜ਼ ਜਤਾਇਆ ਅਤੇ ਮਤਾ ਰੋਕ ਦਿੱਤਾ।
ਐਲਜੀ ‘ਤੇ ਦਿੱਲੀ ਵਾਸੀਆਂ ਦਾ ਅਪਮਾਨ ਕਰਨ ਦੇ ਦੋਸ਼
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ‘ਬਾਹਰੀ’ ਕਰਾਰ ਦਿੰਦਿਆਂ ਉਨ੍ਹਾਂ ‘ਤੇ ਦਿੱਲੀ ਵਾਸੀਆਂ ਦਾ ਅਪਮਾਨ ਕਰਨ ਦੇ ਦੋਸ਼ ਲਾਏ। ਕੇਜਰੀਵਾਲ ਨੇ ਦੱਸਿਆ ਕਿ ਸਕਸੈਨਾ ਨੇ ‘ਆਪ’ ਸਰਕਾਰ ਦੀਆਂ ਪ੍ਰਮੁੱਖ ਬਿਜਲੀ ਤੇ ਪਾਣੀ ਸਬਸਿਡੀ ਸਕੀਮਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਮੁਫਤ ਦੀ ਆਦਤ ਪੈ ਗਈ ਹੈ। ਅੱਜ ਇਕ ਟਵੀਟ ਵਿੱਚ ਕੇਜਰੀਵਾਲ ਨੇ ਕਿਹਾ, ‘ਦਿੱਲੀ ਦੇ ਲੋਕ ਮਿਹਨਤੀ ਹਨ। ਉਨ੍ਹਾਂ ਨੇ ਦਿੱਲੀ ਨੂੰ ਸੁੰਦਰ ਬਣਾਇਆ ਹੈ। ਐੱਲਜੀ ਸਾਹਿਬ, ਤੁਸੀਂ ਬਾਹਰੋਂ ਆਏ ਹੋ ਤੇ ਦਿੱਲੀ ਤੇ ਦਿੱਲੀ ਵਾਲਿਆਂ ਨੂੰ ਨਹੀਂ ਸਮਝਦੇ। ਇਸ ਤਰ੍ਹਾਂ ਦਿੱਲੀ ਦੇ ਲੋਕਾਂ ਦਾ ਅਪਮਾਨ ਨਾ ਕਰੋ।” ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਚੋਰੀ ਨਹੀਂ ਕਰਦੀ, ਬਲਕਿ ਪੈਸੇ ਬਚਾ ਕੇ ਲੋਕਾਂ ਨੂੰ ਸਹੂਲਤ ਦਿੰਦੀ ਹੈ। ਦਿੱਲੀ ਦੇ ਐਲਜੀ ਵੀਕੇ ਸਕਸੈਨਾ ਦੀ ਇਹ ਟਿੱਪਣੀ ਉਸ ਸਮੇਂ ਆਈ ਜਦੋਂ ਉਹ ਬੁੱਧਵਾਰ ਨੂੰ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੁਆਰਾ ਆਯੋਜਿਤ ਦਿੱਲੀ ਮਾਸਟਰ ਪਲਾਨ 2041 ‘ਤੇ ਇੱਕ ਪ੍ਰੋਗਰਾਮ ਵਿੱਚ ਬੋਲ ਰਹੇ ਸਨ।