ਕੇਜਰੀਵਾਲ ਨੇ ਅਜੇ ਤੱਕ ਬੰਗਲਾ ਖਾਲੀ ਨਹੀਂ ਕੀਤਾ: ਸਚਦੇਵਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਵਿਸ਼ੇਸ਼ ਸਕੱਤਰ ਪ੍ਰਸ਼ਾਂਤ ਰੰਜਨ ਝਾਅ ਨੂੰ ਲਿਖਿਆ ਇੱਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਗੱਲ ਕਬੂਲੀ ਕਿ 6 ਫਲੈਗ ਸਟਾਫ ਰੋਡ ਸਥਿਤ ਸ਼ੀਸ਼ ਮਹਿਲ ਬੰਗਲਾ ਕਦੇ ਖਾਲੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚਾਰ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਮਾਪਿਆਂ ਦਾ ਹੱਥ ਫੜ ਕੇ ਸਾਹਮਣੇ ਆਉਣ ਦਾ ਡਰਾਮਾ ਸਾਰਿਆਂ ਨੇ ਦੇਖਿਆ ਸੀ ਪਰ ਸਰਕਾਰੀ ਨਿਯਮਾਂ ਤਹਿਤ ਉਹ ਸ਼ੀਸ਼ ਮਹਿਲ ਅਜੇ ਵੀ ਅਰਵਿੰਦ ਕੇਜਰੀਵਾਲ ਦੇ ਕਬਜ਼ੇ ਵਿੱਚ ਹੈ। ਸਚਦੇਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੂਰੇ ਡਰਾਮੇ ਵਿੱਚੋਂ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 6 ਫਲੈਗ ਸਟਾਫ ਰੋਡ ਸਥਿਤ ਬੰਗਲਾ ਮੁੱਖ ਮੰਤਰੀ ਦੀ ਰਿਹਾਇਸ਼ ਵਜੋਂ ਰਾਖਵਾਂ ਬੰਗਲਾ ਨਹੀਂ ਹੈ, ਇਹ ਇੱਕ ਸਾਂਝਾ ਪੂਲ ਬੰਗਲਾ ਹੈ ਜੋ ਲੋਕ ਨਿਰਮਾਣ ਵਿਭਾਗ ਦੀ ਮਲਕੀਅਤ ਹੈ ਅਤੇ ਇਸ ਦੇ ਪੁਨਰ ਨਿਰਮਾਣ ਅਤੇ ਵਿਸਤਾਰ ਸਬੰਧੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਨਿਯਮਾਂ ਅਨੁਸਾਰ ਬੰਗਲਾ ਖਾਲੀ ਕਰਨ ਤੋਂ ਬਾਅਦ ਇਸ ਦੇ ਮੁੱਖ ਗੇਟ ਦੀ ਚਾਬੀ ਲੋਕ ਨਿਰਮਾਣ ਵਿਭਾਗ ਦੇ ਸੈਕਸ਼ਨ ਅਫਸਰ ਵਿਜੇ ਕੁਮਾਰ ਨੂੰ ਸੌਂਪੀ ਜਾਣੀ ਸੀ ਪਰ ਚਾਬੀ ਉਨ੍ਹਾਂ ਨੂੰ ਸਿਰਫ਼ ਦਿਖਾਵੇ ਲਈ ਹੀ ਸੌਂਪੀ ਗਈ। ਇਸ ਤੋਂ ਇਕ ਦਿਨ ਬਾਅਦ ਹੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਲਈ ਬੰਗਲਾ ਅਲਾਟ ਕਰਨ ਲਈ ਕਿਹਾ ਅਤੇ ਅੱਜ ਵੀ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਦਕਿ 6 ਫਲੈਗ ਸਟਾਫ ’ਤੇ ਸਥਿਤ ਇਹ ਸ਼ੀਸ਼ ਮਹਿਲ ਬੰਗਲਾ ਮੁੱਖ ਮੰਤਰੀ ਲਈ ਰਾਖਵਾਂ ਬੰਗਲਾ ਨਹੀਂ ਹੈ।