ਪ੍ਰਦੂਸ਼ਣ ਦੇ ਕਾਰਨਾਂ ਤੇ ਹੱਲ ਬਾਰੇ ਵ੍ਹਾਈਟ ਪੇਪਰ ਪੇਸ਼ ਕਰੇ ਕੇਜਰੀਵਾਲ ਸਰਕਾਰ: ਸਚਦੇਵਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਨਵੰਬਰ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਇੱਕ ਦੂਰਅੰਦੇਸ਼ੀ ਸਰਕਾਰ ਨਹੀਂ ਜੋ ਦੀਵਾਲੀ ਦੇ ਜਸ਼ਨਾਂ ਪ੍ਰਤੀ ਪੱਖਪਾਤੀ ਹੈ ਅਤੇ ਹਰ ਸਾਲ ਦੀਵਾਲੀ ਦੀ ਰਾਤ ਪਟਾਕਿਆਂ ਉਪਰ ਪ੍ਰਦੂਸ਼ਣ ਦਾ ਦੋਸ਼ ਮੜ੍ਹਦੀ ਹੈ। ਉਦਾਹਰਨ ਦਿੰਦਿਆਂ ਸ੍ਰੀ ਸਚਦੇਵਾ ਨੇ ਕਿਹਾ ਕਿ 4 ਨਵੰਬਰ ਨੂੰ ਆਨੰਦ ਵਿਹਾਰ ਦਾ ਏਕਿਊਆਈ 498 ਸੀ ਜਦਕਿ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਅੱਜ ਏਕਿਊਆਈ 250 ਦੇ ਕਰੀਬ ਸੀ। ਪਿਛਲੇ ਇੱਕ ਮਹੀਨੇ ਤੋਂ ਪੂਰੀ ਦਿੱਲੀ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਹੈ ਪਰ ਕੇਜਰੀਵਾਲ ਪੰਜਾਬ ਦੀ ਪਰਾਲੀ, ਧੂੜ ਅਤੇ ਦਿੱਲੀ ਦੀਆਂ ਟੁੱਟੀਆਂ ਸੜਕਾਂ ’ਤੇ ਚੁੱਪ ਹੈ। ਉਨ੍ਹਾਂ ਸਵਾਲ ਕੀਤਾ, ‘‘ਅਰਵਿੰਦ ਕੇਜਰੀਵਾਲ, ਦੱਸੋ, ਕੀ ਉਨ੍ਹਾਂ ਨੇ ਅਦਾਲਤ ਅੱਗੇ ਕੋਈ ਯੋਜਨਾ ਪੇਸ਼ ਕੀਤੀ ਹੈ? ਇਹ ਸੱਚਮੁੱਚ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਦੇ ਮੰਤਰੀ ਗੋਪਾਲ ਰਾਏ ਦਿੱਲੀ ਵਾਸੀਆਂ ਵੱਲੋਂ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਗਾ ਰਹੇ ਹਨ ਜਦਕਿ ਦਿੱਲੀ ’ਚ ਪ੍ਰਦੂਸ਼ਣ ਇੱਕ-ਦੋ ਮਹੀਨਿਆਂ ਦੀ ਨਹੀਂ, ਬਾਰਾਂ ਮਹੀਨਿਆਂ ਦੀ ਸਮੱਸਿਆ ਹੈ। ਦਿੱਲੀ ਭਾਜਪਾ ਮੰਗ ਕਰਦੀ ਹੈ ਕਿ ਕੇਜਰੀਵਾਲ ਸਰਕਾਰ ਸਰਬ ਪਾਰਟੀ ਮੀਟਿੰਗ ਬੁਲਾ ਕੇ ਦਿੱਲੀ ਵਿੱਚ ਵੱਖ-ਵੱਖ ਮੌਸਮਾਂ ਵਿੱਚ ਪ੍ਰਦੂਸ਼ਣ ਦੇ ਵੱਖ-ਵੱਖ ਕਾਰਨਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਇੱਕ ਵ੍ਹਾਈਟ ਪੇਪਰ ਪੇਸ਼ ਕਰੇ।
ਦਿੱਲੀ ਵਿੱਚ ਹਰੇ ਪਟਾਕੇ ਹੀ ਚਲਾਏ ਗਏ: ਮਨੋਜ ਤਿਵਾੜੀ
ਪਟਾਕਿਆਂ ’ਤੇ ਪਾਬੰਦੀ ’ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਦਾ ਕਹਿਣਾ ਹੈ ਕਿ ਦਿੱਲੀ ’ਚ ਬਰੂਦ ਵਾਲੇ ਪਟਾਕਿਆਂ ਦੀ ਥਾਂ ਹਰੇ ਪਟਾਕੇ ਹੀ ਫੂਕੇ ਗਏ। ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਲੋਕਾਂ ਦੀ ਦੀਵਾਲੀ ਮਨਾਉਣ ਨਾਲ ਸਮੱਸਿਆ ਹੈ। ਉਨ੍ਹਾਂ ਦਾ ਦਰਦ ਇਹ ਹੈ ਕਿ ਸਨਾਤਨ (ਧਰਮ) ਦੇ ਲੋਕਾਂ ਨੂੰ ਆਪਣਾ ਤਿਉਹਾਰ ਨਹੀਂ ਮਨਾਉਣਾ ਚਾਹੀਦਾ। ਦੋ ਦਿਨ ਪਹਿਲਾਂ ਮੀਂਹ ਪਿਆ ਸੀ।